All Latest NewsNews FlashPunjab News

ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲੀ ਦਾ ਮਾਮਲਾ! ਕੀ ਪੰਜਾਬ ਸਰਕਾਰ ਕੇਂਦਰੀ ਯੂਪੀਐੱਸ ਸਕੀਮ ਕਰੇਗੀ ਰੱਦ

 

ਦਲਜੀਤ ਕੌਰ, ਮਹਿਲ ਕਲਾਂ

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਬਰਨਾਲਾ ਦੀ ਮਹਿਲ ਕਲਾਂ ਇਕਾਈ ਵੱਲੋਂ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਉਨ੍ਹਾਂ ਦੀ ਰਿਹਾਇਸ਼ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਰਾਜਿੰਦਰ ਮੂਲੋਵਾਲ ਅਤੇ ਮੈਡਮ ਸੁਖਵਿੰਦਰ ਪੂਨਮ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ ਅਤੇ ਅਗਾਮੀ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦਾ ਮਤਾ ਲਿਆਉਣ ਦੀ ਮੰਗ ਕੀਤੀ ਗਈ। ਵਿਧਾਇਕ ਵੱਲੋਂ ਪੁਰਾਣੀ ਪੈਨਸ਼ਨ ਦਾ ਮੁੱਦਾ ਮੁੱਖ ਮੰਤਰੀ ਨਾਲ਼ ਵਿਚਾਰਨ ਦਾ ਜੱਥੇਬੰਦੀ ਦੇ ਵਫ਼ਦ ਨੂੰ ਭਰੋਸਾ ਦਿੱਤਾ ਗਿਆ।

ਇਸ ਮੌਕੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੈਨਸ਼ਨ ਫਰੰਟ ਦੇ ਜ਼ਿਲ੍ਹਾ ਕਨਵੀਨਰ ਰਮਨ ਸਿੰਗਲਾ , ਸਕੱਤਰ ਅੰਮ੍ਰਿਤ ਹਰੀਗੜ੍ਹ ਨੇ ਆਖਿਆ ਕਿ 18 ਨਵੰਬਰ 2022 ਨੂੰ ਕੀਤੇ ਪੁਰਾਣੀ ਪੈਨਸ਼ਨ ਦੇ ਨੋਟੀਫਿਕੇਸ਼ਨ ਨੂੰ ਮੌਜੂਦਾ ਸਮੇਂ ਯੂਪੀਐੱਸ ਸਕੀਮ ਦੀ ਆੜ ਹੇਠ ਲਾਗੂ ਨਹੀਂ ਕਰ ਰਹੀ ਹੈ।

ਉਹਨਾਂ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਰੱਦ ਕੀਤੇ ਗਏ ਕੌਮੀ ਖੇਤੀ ਨੀਤੀ ਖਰੜੇ ਦੀ ਤਰਜ਼ ਤੇ ਕੇਂਦਰੀ ਯੂਪੀਐੱਸ ਸਕੀਮ ਨੂੰ ਵੀ ਰੱਦ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਜਾਵੇ।

ਖੇਤੀਬਾੜੀ ਵਾਂਗ ਪੈਨਸ਼ਨ ਵੀ ਰਾਜਾਂ ਦਾ ਵਿਸ਼ਾ ਹੈ ਪਰ ਆਪ ਸਰਕਾਰ ਮੁਲਾਜ਼ਮਾਂ ਦੇ ਹੱਕ ਵਿੱਚ ਖੜਨ ਦੀ ਬਜਾਏ ਕੇਂਦਰ ਸਕੀਮ ਨੂੰ ਲਾਗੂ ਕਰਨ ਲਈ ਅੱਗੇ ਵੱਧ ਰਹੀ ਹੈ ਜਿਸ ਦੇ ਖਿਲਾਫ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।

ਪੈਨਸ਼ਨ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਲਈ ਅਤੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦੇ ਹੱਕ ਵਿੱਚ ਮਤਾ ਲਿਆਉਣ ਲਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ।

ਇਸੇ ਕੜੀ ਤਹਿਤ ਅਗਲੇ ਦਿਨਾਂ ਵਿੱਚ ਜ਼ਿਲ੍ਹਾ ਬਰਨਾਲਾ ਨਾਲ਼ ਸਬੰਧਤ ਬਾਕੀ ਵਿਧਾਇਕਾਂ ਨੂੰ ਵੀ ਮਿਲ ਕੇ ਪੁਰਾਣੀ ਪੈਨਸ਼ਨ ਦੀ ਮੰਗ ਉਭਾਰੀ ਜਾਵੇਗੀ। ਇਸੇ ਤਰਾਂ ਮਜ਼ਦੂਰ ਦਿਵਸ ਮੌਕੇ ਸਮੂਹ ਜ਼ਿਲ੍ਹਿਆਂ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ/ ਦਫਤਰਾਂ ਅੱਗੇ ਇੱਕ ਦਿਨਾ ਧਰਨੇ ਦੇ ਕੇ ਭੁੱਖ ਹੜਤਾਲ ਕੀਤੀ ਜਾਵੇਗੀ।

ਇਸ ਮੌਕੇ ਮਨਮੋਹਨ ਭੱਠਲ, ਅਵਤਾਰ ਪੰਡੋਰੀ, ਗੁਰਪ੍ਰੀਤ ਸੰਘੇੜਾ ਅਤੇ ਗੁਰਪ੍ਰੀਤ ਮਹਿਲ ਕਲਾਂ ਨੇ ਆਖਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੋਰਚਾ ਵੱਲੋਂ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਅਹਿਮ ਵਿੱਤੀ ਮੰਗਾਂ ਨੂੰ ਲੈ ਕੇ ਚਾਰ ਦਿਨ ਲਗਾਤਾਰ ਰੈਲੀਆਂ ਅਤੇ ਵਿਧਾਨ ਸਭਾ ਚੰਡੀਗੜ ਵੱਲ ਉਲੀਕੇ ਮਾਰਚ ਵਿਚ ਫਰੰਟ ਵੱਲੋਂ ਵੱਡੀ ਗਿਣਤੀ ਵਿੱਚ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਇਸ ਮੌਕੇ ਲਖਵੰਤ ਛਾਪਾ, ਕੁਲਵਿੰਦਰ ਕੁਰੜ, ਹਰਪਾਲ ਸਿੰਘ, ਮਨਜੋਤ ਸਿੰਘ, ਬਿਕਰਮ, ਪਰਮਜੀਤ ਸਿੰਘ, ਸੁਖਚੈਨ ਕੁਰੜ, ਹਰਮੀਤ ਛਾਪਾ ਆਦਿ ਹਾਜ਼ਰ ਰਹੇ।

 

Leave a Reply

Your email address will not be published. Required fields are marked *