All Latest NewsNews FlashPunjab News

Punjab News: ਸਿੱਖਿਆ ਮੰਤਰੀ ਦੇ ਪਿੰਡ ਬੇਰੁਜ਼ਗਾਰ ਅਧਿਆਪਕਾਂ ਦਾ ਸ਼ਰੇਆਮ ਕੁਟਾਪਾ ਕਰਨ ਵਾਲੇ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਦੀ ਮੰਗ

 

ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ‘ਤੇ ਕੀਤੇ ਅੰਨੇ ਤਸ਼ੱਦਦ ਦੀ ਨਿਖੇਧੀ

ਬੇਰੁਜ਼ਗਾਰ ਅਧਿਆਪਕਾਂ ਦਾ ਸ਼ਰੇਆਮ ਕੁਟਾਪਾ ਕਰਨ ਵਾਲੇ ਐੱਸ.ਐੱਚ.ਓ. ਤੇ ਬਾਕੀ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਦੀ ਮੰਗ

ਸਿੱਖਿਆ ਕ੍ਰਾਂਤੀ ਦੇ ਫੌਕੇ ਨਾਅਰਿਆਂ ਦੀ ਥਾਂ ਭਰਤੀਆਂ ਪੂਰੀਆਂ ਕਰਕੇ ਅਧਿਆਪਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ: ਡੀ.ਟੀ.ਐੱਫ.

ਦਲਜੀਤ ਕੌਰ, ਸੰਗਰੂਰ

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਸੰਘਰਸ਼ ਕਰ ਰਹੇ 5994 ਈਟੀਟੀ (ਬੈਕਲਾਗ) ਭਰਤੀ ਵਿੱਚ ਚੁਣੇ ਹੋਏ ਬੇਰੁਜ਼ਗਾਰ ਅਧਿਆਪਕਾਂ ਦਾ ਪੁਲਿਸ ਵੱਲੋਂ ਸ਼ਰੇਆਮ ਕੁੱਟਮਾਰ ਕਰਕੇ ਲਾਠੀਚਾਰਜ ਕਰਨ ਦਾ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਨੇ ਸਖ਼ਤ ਨੋਟਿਸ ਲੈਂਦਿਆਂ, ਇਸ ਨੂੰ ਅਖੌਤੀ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇਣ ਵਾਲੀ ‘ਆਪ’ ਸਰਕਾਰ ਦਾ ਸ਼ਰਮਨਾਕ ਕਾਰਾ ਕਰਾਰ ਦਿੱਤਾ ਹੈ।

ਡੀਟੀਐੱਫ ਨੇ ਬੇਰੁਜ਼ਗਾਰ ਅਧਿਆਪਕਾਂ ‘ਤੇ ਹੱਥ ਚੁੱਕਣ ਵਾਲੇ ਪੰਜਾਬ ਪੁਲਿਸ ਦੇ ਐੱਸ.ਐੱਚ.ਓ. ਦਾਨਿਸ਼ਵੀਰ ਅਤੇ ਬਾਕੀ ਪੁਲਿਸ ਅਧਿਕਾਰੀਆਂ ‘ਤੇ ਸਖ਼ਤ ਕਾਰਵਾਈ ਕਰਨ ਅਤੇ ਈਟੀਟੀ 5994 ਭਰਤੀ ਮੁਕੰਮਲ ਕਰਨ ਦੀ ਮੰਗ ਵੀ ਕੀਤੀ ਹੈ।

ਇਸ ਸੰਬੰਧੀ ਡੀ.ਟੀ.ਐੱਫ. ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾਈ ਆਗੂਆਂ ਮੇਘ ਰਾਜ, ਦਲਜੀਤ ਸਫੀਪੁਰ, ਜਿਲਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸ਼ਿਸ਼ਟ, ਜ਼ਿਲ੍ਹਾ ਪ੍ਰੈਸ ਸਕੱਤਰ ਕਰਮਜੀਤ ਨਦਾਮਪੁਰ ਅਤੇ ਖਜਾਨਚੀ ਕਮਲਜੀਤ ਬਨਭੌਰਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਹੇਠ ਸਰਕਾਰੀ ਸਕੂਲਾਂ ਵਿੱਚ ਉਦਘਾਟਨੀ ਪੱਥਰ ਲਗਾਉਣ ਦੀ ਨ੍ਹੇਰੀ ਲਿਆਂਦੀ ਹੋਈ ਹੈ, ਦੂਜੇ ਪਾਸੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਸਮੇਤ ਹੋਰ ਬੁਨਿਆਦੀ ਸੁਧਾਰਾਂ ਪੱਖੋਂ ਪੰਜਾਬ ਦੀ ਸਕੂਲੀ ਸਿੱਖਿਆ ਲਗਾਤਾਰ ਪਛੜ ਰਹੀ ਹੈ।

ਉਨ੍ਹਾਂ ਅੱਗੇ ਦੱਸਿਆਂ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਅਧਿਆਪਕ ਭਰਤੀ ਕਰਨ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਹਨ। ਦਰਅਸਲ ਈਟੀਟੀ ਅਧਿਆਪਕਾਂ ਦੀ 5994 ਭਰਤੀ ਵੀ ਸਾਲ 2022 ਦੀ ਸ਼ੁਰੂ ਕੀਤੀ ਗਈ ਸੀ ਅਤੇ ਹਾਲੇ ਤੱਕ ਮੁਕੰਮਲ ਨਹੀਂ ਕੀਤੀ ਗਈ ਹੈ। ਇਸ ਭਰਤੀ ਵਿੱਚ ਪਹਿਲਾਂ 2600 ਦੇ ਕਰੀਬ ਨਿਯੁਕਤੀ ਪੱਤਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਅਪ੍ਰੈਲ 2025 ਨੂੰ ਸਮਾਗਮ ਕਰਕੇ ਜਾਰੀ ਕੀਤੇ।

ਪ੍ਰੰਤੂ ਕੇਵਲ 1200 ਅਧਿਆਪਕ ਹਾਜ਼ਿਰ ਕਰਵਾਕੇ ਬਾਕੀ ਪ੍ਰੀਕ੍ਰਿਆ ‘ਤੇ ਰੋਕ ਲਗਾ ਦਿੱਤੀ ਗਈ। ਇਸੇ 5994 ਭਰਤੀ ਵਿੱਚੋਂ 3000 ਦੇ ਕਰੀਬ ਈਟੀਟੀ ਬੈਕਲਾਗ ਦੀਆਂ ਪੋਸਟਾਂ ਨੂੰ ਵੀ ਲਟਕਾਉਣ ਦੀ ਸਾਜ਼ਿਸ਼ ਕੀਤੀ ਗਈ ਹੈ। ਜਦੋਂ ਬੇਰੁਜਗਾਰ ਅਧਿਆਪਕਾਂ ਵੱਲੋਂ ਭਰਤੀ ਪੂਰੀ ਕਰਨ ਦੀ ਮੰਗ ਲਈ ਸੰਘਰਸ਼ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਪੁਲਿਸ ਦੇ ਡੰਡੇ ਅਤੇ ਧੱਕੇਸ਼ਾਹੀ ਨਾਲ ਕੀਤਾ ਜਾਂਦਾ ਹੈ।

 

2 thoughts on “Punjab News: ਸਿੱਖਿਆ ਮੰਤਰੀ ਦੇ ਪਿੰਡ ਬੇਰੁਜ਼ਗਾਰ ਅਧਿਆਪਕਾਂ ਦਾ ਸ਼ਰੇਆਮ ਕੁਟਾਪਾ ਕਰਨ ਵਾਲੇ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਦੀ ਮੰਗ

  • Sharabi hun khakki 🐕🐕🐕🐕🐕🐕 te karwai da darama kr riha hai

    Reply
  • Sharabi hun khakki 🐕🐶🐶🐶🐶🐶 te karwai da darama kr riha hai

    Reply

Leave a Reply

Your email address will not be published. Required fields are marked *