ਮੰਡੌਰ ਜ਼ਮੀਨੀ ਘੋਲ: ਪੂਰੇ ਪੈਸੇ ਭਰਨ ਦੇ ਬਾਵਜੂਦ ਮਜ਼ਦੂਰਾਂ ਨੂੰ ਕਣਕ ਦੀ ਫ਼ਸਲ ਵੱਢਣ ਤੋਂ ਰੋਕਿਆ
ਪਿੰਡ ਮੰਡੌਰ ਇਸ ਸਾਲ ਫਿਰ ਬਣੇਗਾ ਜ਼ਮੀਨੀ ਘੋਲ ਦਾ ਕੇਂਦਰ? – ਪੂਰੇ ਪੈਸੇ ਭਰਨ ਦੇ ਬਾਵਜੂਦ ਡੀਡੀਪੀਓ ਵੱਲੋਂ ਮਜ਼ਦੂਰਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਫਸਲ ਕੱਟਣ ਤੋਂ ਰੋਕਣ ਦੀ ਕੋਸ਼ਿਸ਼: ਆਗੂ
ਦਲਜੀਤ ਕੌਰ, ਨਾਭਾ/ਪਟਿਆਲਾ
ਪਿੰਡ ਮੰਡੌਰ ਵਿੱਚ ਤੀਜੇ ਹਿੱਸੇ ਦੀ ਜ਼ਮੀਨ ‘ਤੇ ਮਜ਼ਦੂਰਾਂ ਵੱਲੋਂ ਬੀਜੀ ਗਈ ਕਣਕ ਦੀ ਫਸਲ ਨੂੰ ਕੱਟਣ ‘ਤੇ ਪ੍ਰਸ਼ਾਸਨ ਅਤੇ ਸਥਾਨਕ ਧਨਾਡ ਚੌਧਰੀਆਂ ਦੀ ਮਿਲੀਭੁਗਤ ਨਾਲ ਲਗਾਈ ਜਾ ਰਹੀ ਰੋਕ ਖ਼ਿਲਾਫ਼ ਪਿੰਡ ਮੰਡੌਰ ਦੇ ਮਜ਼ਦੂਰਾਂ ਵੱਲੋਂ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਅਤੇ ਇਕਾਈ ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡਵੀਜ਼ਨਲ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਨੇ 7500 ਰੁਪਏ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਜ਼ਮੀਨ ਵਾਹੁਣ ਦਾ ਸਮਝੌਤਾ ਕੀਤਾ ਸੀ।
ਮਜ਼ਦੂਰਾਂ ਨੇ ਸਮਝੌਤੇ ਅਨੁਸਾਰ ਲੀਜ਼ ‘ਤੇ ਮਿਲੀ ਸਾਰੀ ਜ਼ਮੀਨ ਦੇ ਪੂਰੇ ਪੈਸੇ ਅਦਾ ਕਰ ਦਿੱਤੇ ਹਨ ਅਤੇ ਇਸ ਦੀਆਂ ਰਸੀਦਾਂ ਵੀ ਉਨ੍ਹਾਂ ਕੋਲ ਮੌਜੂਦ ਹਨ।
ਹਾਲਾਂਕਿ, ਪਿਛਲੇ ਸਾਲ ਝੋਨੇ ਦੀ ਫਸਲ ਦੌਰਾਨ ਵੀ ਸਰਪੰਚ ਅਤੇ ਪੰਚਾਇਤ ਸੈਕਟਰੀ ਵੱਲੋਂ ਮਜ਼ਦੂਰਾਂ ਨੂੰ ਫਸਲ ਕੱਟਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਮਜ਼ਦੂਰਾਂ ਨੇ ਮੰਗ ਕੀਤੀ ਸੀ ਕਿ ਪਹਿਲਾਂ ਉਨ੍ਹਾਂ ਦੀ ਜ਼ਮੀਨ ਦਾ ਹਿੱਸਾ ਪੂਰਾ ਕੀਤਾ ਜਾਵੇ, ਜਿਸ ਤੋਂ ਬਾਅਦ ਵਾਧੂ ਜ਼ਮੀਨ ਦੇ ਪੈਸੇ ਅਦਾ ਕੀਤੇ ਜਾਣਗੇ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਹੀਯੋਗ ਜ਼ਮੀਨ ਦੇ ਪੂਰੇ ਪੈਸੇ ਭਰ ਦਿੱਤੇ ਹਨ, ਪਰ ਡੀਡੀਪੀਓ ਪਟਿਆਲਾ ਅਤੇ ਪੰਚਾਇਤ ਸਕੱਤਰ ਦੀ ਸਥਾਨਕ ਧਨਾਡ ਚੌਧਰੀਆਂ ਨਾਲ ਮਿਲੀਭੁਗਤ ਕਾਰਨ ਮਜ਼ਦੂਰਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ।ਡੀਡੀਪੀਓ ਪਟਿਆਲਾ ਮਜ਼ਦੂਰਾਂ ਦੀ ਫਸਲ ਨੂੰ ਧਨਾਡ ਚੌਧਰੀਆਂ ਨੂੰ ਸੌਂਪਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਧਨਾਡਾਂ ਵੱਲੋਂ ਮਜ਼ਦੂਰ ਆਗੂ ‘ਤੇ ਹਮਲਾ ਵੀ ਕੀਤਾ ਗਿਆ ਸੀ, ਜਿਸ ਦਾ ਸਿਰਫ਼ ਮੁਕੱਦਮਾ ਦਰਜ ਹੋਇਆ ਪਰ ਹਮਲਾਵਰਾਂ ਖ਼ਿਲਾਫ਼ ਕੋਈ ਅਗਲੇਰੀ ਕਾਰਵਾਈ ਨਹੀਂ ਹੋਈ। ਮਜ਼ਦੂਰ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਮਝੌਤੇ ਅਨੁਸਾਰ ਪੂਰੇ ਪੈਸੇ ਅਦਾ ਕਰ ਦਿੱਤੇ ਹਨ ਅਤੇ ਵਾਧੂ ਜ਼ਮੀਨ ਦੇ ਪੈਸੇ ਨਹੀਂ ਭਰਨਗੇ।
ਮਜ਼ਦੂਰ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਜ਼ਦੂਰ ਹਰ ਹਾਲਤ ਵਿੱਚ ਆਪਣੀ ਹਿੱਸੇ ਦੀ ਜਮੀਨ ਵਿੱਚ ਬੀਜੀ ਫਸਲ ਨੂੰ ਆਪਣੇ ਘਰਾਂ ਵਿੱਚ ਲੈ ਕੇ ਆਉਣਗੇ। ਇਸ ਮਸਲੇ ਦੇ ਵਿਰੋਧ ਵਜੋਂ ਮਜ਼ਦੂਰ 22 ਅਪ੍ਰੈਲ 2025 ਨੂੰ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਕੋਠੀ ਅੱਗੇ ਧਰਨਾ ਲਾਉਣਗੇ। ਇਸ ਦੀ ਪੂਰੀ ਜ਼ਿੰਮੇਵਾਰੀ ਡੀਡੀਪੀਓ ਪਟਿਆਲਾ ਦੀ ਹੋਵੇਗੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਇਕਾਈ ਆਗੂ ਸੁਖਵਿੰਦਰ ਕੌਰ, ਰੇਖਾ, ਚਰਨਜੀਤ ਕੌਰ, ਪਰਗਟ ਸਿੰਘ, ਹਾਕਮ ਸਿੰਘ, ਭੀਮ ਸਿੰਘ, ਗੁਰਪ੍ਰੀਤ ਸਿੰਘ ਅਤੇ ਪਿੰਡ ਦੇ ਮਜ਼ਦੂਰ ਸ਼ਾਮਲ ਰਹੇ।