ਵੱਡੀ ਖ਼ਬਰ: ਪੰਜਾਬ ‘ਚ ਗੁੰਡਾਗਰਦੀ ਦਾ ਨੰਗਾ ਨਾਚ! ਬਦਮਾਸ਼ਾਂ ਨੇ ਭੰਨੀ ਹਿਮਾਚਲ ਦੀ ਸਰਕਾਰੀ ਬੱਸ, ਸਵਾਰੀਆਂ ‘ਚ ਦਹਿਸ਼ਤ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੋਹਾਲੀ ਦੇ ਖਰੜ ‘ਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ‘ਤੇ ਹਮਲਾ ਹੋਇਆ ਹੈ। ਇਹ ਘਟਨਾ ਮੰਗਲਵਾਰ ਦੇਰ ਸ਼ਾਮ ਵਾਪਰੀ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਡਿਪੂ ਦੀ ਬੱਸ (ਐਚਪੀ 67 ਏ-1321) ‘ਤੇ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰਕੇ ਭੰਨ-ਤੋੜ ਕੀਤੀ। ਇਸ ਘਟਨਾ ਨਾਲ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਬੱਸ ਚੰਡੀਗੜ੍ਹ ਤੋਂ ਹਿਮਾਚਲ ਦੇ ਹਮੀਰਪੁਰ ਜਾ ਰਹੀ ਸੀ। ਰੋਡਵੇਜ਼ ਦੀ ਬੱਸ ਚੰਡੀਗੜ੍ਹ ਦੇ ਸੈਕਟਰ-43 ਸਥਿਤ ਆਈਐਸਬੀਟੀ ਤੋਂ ਚੱਲੀ। ਬੱਸ ਨੇ ਹਾਲੇ ਕਰੀਬ 10 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ ਕਿ ਖਰੜ ਨੇੜੇ ਅਣਪਛਾਤੇ ਬਦਮਾਸ਼ਾਂ ਵੱਲੋਂ ਬੱਸ ‘ਤੇ ਹਮਲਾ ਕਰ ਦਿੱਤਾ ਗਿਆ।
ਖਰੜ ਨੇੜੇ ਕਾਰ ਵਿੱਚ ਆਏ ਦੋ ਹਮਲਾਵਰਾਂ ਨੇ ਬੱਸ ’ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਬੱਸ ਦੇ ਡਰਾਈਵਰ, ਕੰਡਕਟਰ ਅਤੇ ਸਵਾਰੀਆਂ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਖੁਸ਼ਕਿਸਮਤੀ ਰਹੀ ਕਿ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ।
ਇਸ ਘਟਨਾ ਤੋਂ ਬਾਅਦ ਬੱਸ ਦੀਆਂ ਸਵਾਰੀਆਂ ਡਰ ਗਈਆਂ। ਬੱਸ ਦੇ ਸ਼ੀਸ਼ੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਮਲਾਵਰਾਂ ਨੇ ਡੰਡਿਆਂ ਨਾਲ ਬੱਸ ‘ਤੇ ਹਮਲਾ ਕਰ ਦਿੱਤਾ ਅਤੇ ਸ਼ੀਸ਼ੇ ਤੋੜ ਦਿੱਤੇ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।