All Latest NewsNews FlashPunjab News

ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਦਾ ਧਰਨਾ ਜਾਰੀ; ਮੰਤਰੀ ਡਾ. ਬਲਜੀਤ ਕੌਰ ਨਾਲ ਲੰਮੀ ਚੱਲੀ ਮੀਟਿੰਗ, ਜਾਣੋ ਕੀ ਮਿਲਿਆ ਭਰੋਸਾ

 

ਪੰਜਾਬ ਨੈੱਟਵਰਕ, ਪਟਿਆਲਾ-

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਦਾ ਚਲਦਾ ਧਰਨਾ ਅੱਜ ਉਸ ਵੇਲੇ ਆਕਰਾਮਕ ਰੂਪ ਧਾਰਨ ਕਰ ਗਿਆ ਜਦੋਂ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਵੱਲੋਂ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਦਫ਼ਤਰ ਵਿਖੇ ਨਾਅਰੇਬਾਜ਼ੀ ਕਰਦੇ ਹੋਏ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਡਾ. ਬਲਜੀਤ ਕੌਰ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਕੰਟਰੈਕਟ ਅਧਿਆਪਕਾਂ ਦੇ ਇੱਕ ਵਫ਼ਦ ਵਲੋਂ ਡਾ. ਬਲਜੀਤ ਕੌਰ ਨਾਲ ਯੂਨੀਵਰਸਿਟੀ ਅਥਾਰਟੀ ਦੀ ਹਾਜ਼ਰੀ ਵਿੱਚ ਲੰਮੀ ਮੀਟਿੰਗ ਕੀਤੀ ਗਈ।

ਡਾ. ਬਲਜੀਤ ਕੌਰ ਵੱਲੋਂ ਕੰਟਰੈਕਟ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਸੱਤਵੇਂ ਪੇ ਕਮਿਸ਼ਨ ਦੀ ਮੰਗ ਨੂੰ ਪੂਰੀ ਤਰਾਂ ਜਾਇਜ਼ ਕਰਾਰ ਦਿੰਦੇ ਹੋਏ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਨਾਲ ਹੀ ਮੌਕੇ ਤੇ ਮੌਜੂਦ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੂੰ ਸਬੰਧਤ ਅਧਿਆਪਕਾਂ ਦੀ ਮੰਗ ਨੂੰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

ਹਾਲਾਂਕਿ ਯੂਨੀਵਰਸਿਟੀ ਵਾਈਸ ਚਾਂਸਲਰ ਵੱਲੋਂ ਵੀ ਕੰਟਰੈਕਟ ਅਧਿਆਪਕਾਂ ਪ੍ਰਤੀ ਸੁਹਿਰਦ ਰਵਈਆ ਅਪਣਾਉਂਦੇ ਹੋਏ ਸਪੱਸ਼ਟ ਕੀਤਾ ਗਿਆ ਕਿ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਦਿੱਤਾ ਜਾਵੇਗਾ। ਪ੍ਰੰਤੂ ਸਥਿਤੀ ਉਸ ਵੇਲੇ ਬੜੀ ਹਾਸੋ ਹੀਣੀ ਹੋ ਗਈ ਜਦੋਂ ਮੌਕੇ ਤੇ ਮੌਜੂਦ ਯੂਨੀਵਰਸਿਟੀ ਰਜਿਸਟਰਾਰ ਨੇ ਬਿਨਾ ਕਿਸੇ ਠੋਸ ਤਰਕ ਦੇ ਕੰਟਰੈਕਟ ਅਧਿਆਪਕਾਂ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।

ਇਸ ਤਰਾਂ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਸਰਕਾਰ ਦੇ ਮੌਜੂਦਾ ਮੰਤਰੀ ਅਤੇ ਯੂਨੀਵਰਸਿਟੀ ਮੁਖੀ ਦੀ ਆਦੇਸ਼ਾਂ ਨੂੰ ਕੋਈ ਯੂਨੀਵਰਸਿਟੀ ਅਧਿਕਾਰੀ ਸਿਧੇ ਤੌਰ ਤੇ ਮੰਨਣ ਤੋਂ ਇਨਕਾਰ ਕਰ ਦੇਵੇ। ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਵੱਲੋਂ ਬਹੁਤ ਹੀ ਤਰਕਪੂਰਨ ਢੰਗ ਦੇ ਨਾਲ ਪੂਰੇ ਸਬੂਤਾਂ ਸਮੇਤ ਬਹੁਤ ਹੀ ਮਜ਼ਬੂਤੀ ਨਾਲ ਆਪਣਾ ਪੱਖ ਪੇਸ਼ ਕੀਤਾ ਗਿਆ।

ਪਰ ਇਸਦੇ ਬਾਵਜੂਦ ਪੰਜਾਬ ਦੇ ਮੰਤਰੀ ਡਾ. ਬਲਜੀਤ ਕੌਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਬੱਸ ਆਪਣੀ ਮਜਬੂਰੀ ਹੀ ਪ੍ਰਗਟ ਕਰਦੇ ਦਿਖਾਈ ਦਿੱਤੇ। ਇਸ ਗੱਲ ਤੋਂ ਇਹ ਪੂਰੀ ਤਰਾਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਸਿੱਖਿਆ ਪ੍ਰਤੀ ਬਣਾਈ ਗਈ ਨੀਤੀਆਂ ਸਿਰਫ ਅਤੇ ਸਿਰਫ ਫੋਕੀਆ ਗੱਲਾਂ ਹਨ।

ਮੀਟਿੰਗ ਤੋਂ ਬਾਅਦ ਕੰਟਰੈਕਟ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਨਾਲ ਦੋਬਾਰਾ ਤੋਂ ਮੀਟਿੰਗ ਕਰਨ ਲਈ ਦਫ਼ਤਰ ਵਿਖੇ ਜਾਣ ਦੀ ਕੋਸ਼ਿਸ਼ ਨੂੰ ਉਹਨਾਂ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਨਾਕਾਮ ਕਰ ਦਿੱਤਾ ਗਿਆ ਤਾਂ ਕੰਟਰੈਕਟ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਦੇ ਮੁੱਖ ਗੇਟ ਤੇ ਹੀ ਧਰਨਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।

ਵਾਈਸ ਚਾਂਸਲਰ ਨੇ ਪੁਲਿਸ ਬੁਲਾ ਕੇ ਜਦੋਂ ਆਪਣੇ ਦਫਤਰ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਕੰਟਰੈਕਟ ਅਧਿਆਪਕਾਂ ਵੱਲੋਂ ਯੂਨੀਵਰਸਿਟੀ ਮੁਖੀ ਦੀ ਗੱਡੀ ਨੂੰ ਘੇਰਾ ਪਾਕੇ ਨਾਅਰੇਬਾਜ਼ੀ ਕੀਤੀ ਗਈ ਤਾਂ ਵਾਈਸ ਚਾਂਸਲਰ ਵੱਲੋਂ ਦੋਬਾਰਾ ਤੋਂ ਕੰਟਰੈਕਟ ਅਧਿਆਪਕਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ।

ਮੀਟਿੰਗ ਤੋਂ ਬਾਅਦ ਵਾਈਸ ਚਾਂਸਲਰ ਵੱਲੋਂ ਕੰਟਰੈਕਟ ਅਧਿਆਪਕਾਂ ਦੀ ਮੰਗ ਸਬੰਧੀ ਸਿੰਡੀਕੇਟ ਵਿਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਵਾਈਸ ਚਾਂਸਲਰ ਨੇ ਵਾਅਦਾ ਕੀਤਾ ਕਿ ਅਗਲੇ 10 ਦਿਨ ਦੇ ਦਰਮਿਆਨ ਕੰਟਰੈਕਟ ਅਧਿਆਪਕਾਂ ਦੀ ਸੱਤਵੇਂ ਪੇ ਕਮਿਸ਼ਨ ਦੀ ਮੰਗ ਪਰਵਾਨ ਕਰ ਲਈ ਜਾਵੇਗੀ। ਪੁਕਟਾ ਪ੍ਰਧਾਨ ਡਾ. ਤਰਨਜੀਤ ਕੌਰ ਨੇ ਕਿਹਾ ਕਿ ਜਦੋਂ ਤੱਕ ਕੰਟਰੈਕਟ ਅਧਿਆਪਕਾਂ ਤੇ ਸੱਤਵਾਂ ਪੇ ਕਮਿਸ਼ਨ ਲਾਗੂ ਨਹੀਂ ਹੋ ਜਾਂਦਾ ਧਰਨਾ ਜਾਰੀ ਰਹੇਗਾ।

 

Leave a Reply

Your email address will not be published. Required fields are marked *