ਪਹਿਲਗਾਮ ਘਟਨਾ ਦੀ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਕੀਤੀ ਸਖ਼ਤ ਨਿਖੇਧੀ
ਭਾਈਚਾਰਕ ਏਕਤਾ ਦਾ ਸੁਨੇਹਾ ਦੇਣ ਲਈ ਕੱਲ੍ਹ 26 ਅਪ੍ਰੈਲ ਨੂੰ ਰੈਲੀ ਤੇ ਮਾਰਚ ਕਰਨ ਦਾ ਫੈਸਲਾ
ਦਲਜੀਤ ਕੌਰ, ਬਰਨਾਲਾ
ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ ’ਤੇ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਪਹਿਲਗਾਮ ਦੀ ਦੁਖਦਾਈ ਘਟਨਾ ਦੇ ਸੰਬੰਧ ਵਿੱਚ ਜਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਇਸ ਦੁਖਦਾਈ ਘਟਨਾ ਵਿੱਚ ਮਾਰੇ ਗਏ ਬੇਦੋਸ਼ੇ ਲੋਕਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ।
ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈਸ ਨੋਟ ਜਾਰੀ ਕਰਦਿਆਂ ਸਭਾ ਦੀ ਬਰਨਾਲਾ ਇਕਾਈ ਦੇ ਪ੍ਰਧਾਨ ਸੋਹਣ ਸਿੰਘ ਮਾਝੀ, ਸਕੱਤਰ ਬਿੱਕਰ ਸਿੰਘ ਔਲਖ ਤੇ ਪ੍ਰੈੱਸ ਸਕੱਤਰ ਹਰਚਰਨ ਸਿੰਘ ਚਹਿਲ ਨੇ ਦੱਸਿਆ ਕਿ ਸਾਰੇ ਹੀ ਬੁਲਾਰਿਆਂ ਨੇ ਇਸ ਅਣਮਨੁੱਖੀ ਕਾਰੇ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਬੇਦੋਸ਼ੇ ਲੋਕਾਂ ਦੇ ਕਤਲਾਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਭਾਵੇਂ ਇਸ ਘਟਨਾ ਦੇ ਜ਼ਿੰਮੇਵਾਰ ਲੋਕ ਆਪਣੇ ਏਜੰਡੇ ਕਿੰਨਾ ਵੀ ਮਹੱਤਵਪੂਰਨ ਤੇ ਜ਼ਰੂਰੀ ਕਿਉਂ ਨਾ ਸਮਝਦੇ ਹੋਣ। ਆਗੂਆਂ ਨੇ ਇਸ ਘਟਨਾ ਤੋਂ ਬਾਅਦ ਦੇਸ਼ ਵਿਚ ਉਤਪੰਨ ਹੋਏ ਉਤੇਜਿਕ ਮਾਹੌਲ ਵਿਰੁੱਧ ਵੀ ਖਬਰਦਾਰ ਕੀਤਾ ਅਤੇ ਕਾਤਲਾਂ ਨੂੰ ਸਜ਼ਾ ਦੀ ਮੰਗ ਕਰਦੇ ਹੋਏ ਭਾਈਚਾਰਕ ਏਕਤਾ ਬਣਾਈ ਰੱਖਣ ’ਤੇ ਜ਼ੋਰ ਦਿੱਤਾ।
ਮੀਟੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਸ਼ਨੀਵਾਰ 26 ਅਪਰੈਲ ਨੂੰ ਸ਼ਾਮ 5 ਵਜੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨਜ਼ਦੀਕ ਰੈਲੀ ਕੀਤੀ ਜਾਵੇਗੀ ਅਤੇ ਇਸ ਦੁਖਦਾਈ ਘਟਨਾ ਵਿਰੁੱਧ ਰੋਸ ਪ੍ਰਗਟਾਉਣ, ਭਾਈਚਾਰਕ ਏਕਤਾ ਬਣਾ ਕੇ ਰੱਖਣ ਦਾ ਸੁਨੇਹਾ ਦੇਣ ਅਤੇ ਬੇਦੋਸ਼ਿਆਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਮੰਗ ਕਰਨ ਲਈ ਸ਼ਹਿਰ ਵਿੱਚੋਂ ਦੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਸਾਰੇ ਅਮਨ ਤੇ ਇਨਸਾਫ਼ ਪਸੰਦ ਸ਼ਹਿਰੀਆਂ ਨੂੰ ਇਸ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ।