All Latest NewsNews FlashPunjab News

ਸਾਮਰਾਜੀ ਤੇ ਪੂੰਜੀਵਾਦੀ-ਜਗੀਰੂ ਲੁੱਟ, ਜਾਤੀ-ਪਾਤੀ ਤੇ ਲਿੰਗਕ ਜਬਰ ਤੇ ਵਿਤਕਰੇ ਦੇ ਖਾਤਮੇ ਲਈ ਜੂਝਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ: ਪਾਸਲਾ

 

ਸ਼ਹੀਦਾਂ ਵਲੋਂ ਚਿਵਿਆ ਰਾਜ ਕਾਇਮ ਕਰਨ ਲਈ ਧਰਮ ਅਧਾਰਤ ਕੱਟੜ ਰਾਜ ਕਾਇਮ ਕਰਨ ਦੇ ਹਿੰਦੂਤਵੀ ਫਾਸਿਸਟਾਂ ਦੇ ਮਨਸੂਬੇ ਫੇਲ੍ਹ ਕਰੋ: ਸੰਧੂ

ਸ਼ਹੀਦਾਂ ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕਰ ਸਕਣਗੀਆਂ ਹਾਕਮ ਜਮਾਤਾਂ ਤੇ ਫਿਰਕੂ ਟੋਲੇ: ਮਹੀਪਾਲ

ਦਲਜੀਤ ਕੌਰ, ਸ਼ਹੀਦ ਭਗਤ ਸਿੰਘ ਨਗਰ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ). ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਅੱਜ ਇਥੇ ਪ੍ਰਭਾਵਸ਼ਾਲੀ ਇਕੱਠ ਕਰਕੇ ਇਨਕਲਾਬੀ ਜੋਸ਼ ਓ ਖਰੋਸ਼ ਨਾਲ ਮਨਾਇਆ ਗਿਆ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਮੁੱਖ ਬੁਲਾਰੇ ਸਨ। ਆਪਣੇ ਸੰਬੋਧਨ ਰਾਹੀਂ ਸਾਥੀ ਪਾਸਲਾ ਨੇ ਸ਼ਹੀਦੀ ਦਿਹਾੜੇ ਨੂੰ ਸਾਰਥਕ ਬਣਾਉਣ ਹਿਤ ਸੰਸਾਰ ਕਿਰਤੀ ਦੀ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਤੋਂ ਮੁਕਤੀ ਦਾ ਮਾਨਵੀ ਸੰਗਰਾਮ ਅੰਤਮ ਜਿੱਤ ਤੱਕ ਲਿਜਾਣ ਲਈ ਜੂਝਦੇ ਰਹਿਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।

ਪਾਸਲਾ ਉਨ੍ਹਾਂ ਕਿਹਾ ਕਿ ਸਾਮਰਾਜੀਆਂ ਦੇ ਜਨਮ ਜਾਤ ਏਜੰਟ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਅਤੇ ਇਸ ਦੇ ਹੱਥਠੋਕੇ ਭਾਰਤ ਦੇ ਅਜੋਕੇ ਕੇਂਦਰੀ ਹੁਕਮਰਾਨ ਭਾਰਤੀ ਵਸੋਂ, ਖਾਸ ਕਰਕੇ ਕਿਰਤੀ ਸ਼੍ਰੇਣੀ ਨੂੰ 23 ਮਾਰਚ ਦੇ ਸ਼ਹੀਦਾਂ ਤੇ ਗ਼ਦਰੀ ਸੂਰਬੀਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ, ਸਿੱਖ ਗੁਰੂ ਸਾਹਿਬਾਨ ਦੇ ਮਾਨਵ ਹਿਤੈਸ਼ੀ ਫਲਸਫੇ, ਭਗਤੀ ਲਹਿਰ ਦੇ ਰਹਿਬਰਾਂ ਦੇ ਸਥਾਪਤੀ ਖਿਲਾਫ਼ ਬਾਗ਼ੀ ਤੇਵਰਾਂ ਅਤੇ ਅਜੋਕੇ ਦੌਰ ਦੇ ਸਮੁੱਚੇ ਅਗਾਂਹਵਧੂ ਸਰੋਕਾਰਾਂ ਤੋਂ ਬੇਮੁੱਖ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ।

ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਦੀ ਅਗਵਾਈ ਹੇਠਲੇ ਹਿੰਦੂਤਵੀ ਫਾਸਿਸਟ ਟੋਲੇ ਮਨੁੱਖ ਹੱਥੋਂ ਮਨੁੱਖ ਅਤੇ ਅਮੀਰ ਦੇਸ਼ਾਂ ਹੱਥੋਂ ਗਰੀਬ ਦੇਸ਼ਾਂ ਦੀ ਲੁੱਟ-ਖਸੁੱਟ ਦਾ ਨਿਜ਼ਾਮ ਸਦੀਵੀਂ ਕਾਇਮ ਰੱਖਣ ਲਈ ਫਿਰਕੂ ਵੰਡ ਤਿੱਖੀ ਕਰਨ ਦੇ ਖਤਰਨਾਕ ਮਨਸੂਬਿਆਂ ਤਹਿਤ ਘੱਟ ਗਿਣਤੀ ਮੁਸਲਮਾਨ ਤੇ ਈਸਾਈ ਭਾਈਚਾਰਿਆਂ ‘ਤੇ ਕਾਤਲਾਨਾ ਹਮਲੇ ਕਰ ਰਹੇ ਹਨ। ਇਸੇ ਸਾਜ਼ਿਸ਼ ਅਧੀਨ ਇਹ ਮਨੂੰਵਾਦੀ ਖਰੂਦੀ ਭਾਰਤ ਦੇ ਦਲਿਤਾਂ, ਪਛੜੇ ਵਰਗਾਂ, ਆਦਿਵਾਸੀਆਂ, ਸਮੁੱਚੀਆਂ ਇਸਤਰੀਆਂ, ਲੋਕ ਹਿਤਾਂ ਨੂੰ ਪ੍ਰਣਾਏ ਬੁੱਧੀਜੀਵੀਆਂ, ਤਰਕਵਾਦੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ‘ਤੇ ਵੀ ਅਣਕਿਆਸੇ ਜ਼ੁਲਮ ਢਾਹ ਰਹੇ ਹਨ।

ਉਨ੍ਹਾਂ ਕਿਹਾ ਕਿ ਆਰ.ਐਸ.ਐਸ., ਭਾਜਪਾ ਤੇ ਸੰਘੀ ਸੰਗਠਨ ਦੇਸ਼ ਦੇ ਵਰਤਮਾਨ ਸੰਵਿਧਾਨ ਅਤੇ ਆਜ਼ਾਦੀ ਪਿੱਛੋਂ ਕਾਇਮ ਹੋਏ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਨੂੰ ਤਬਾਹ ਕਰਨ ਲਈ ਬਜ਼ਿਦ ਹਨ, ਪਰ ਭਾਰਤ ਦੇ ਮਿਹਨਤੀ ਲੋਕ ਇਹ ਸਾਜ਼ਿਸ਼ਾਂ ਕਦੀ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਤਾਨਾਸ਼ਾਹੀ ਤਰਜ਼ ਦਾ ਧਰਮ ਅਧਾਰਤ ਕੱਟੜ ਰਾਜ ਕਾਇਮ ਕਰਨ ਦੇ ਆਰ.ਐਸ.ਐਸ. ਦੇ ਫਿਰਕੂ-ਫਾਸ਼ੀ ਏਜੰਡੇ ਨੂੰ ਵਿਸ਼ਾਲ ਲੋਕ ਲਾਮਬੰਦੀ ਤੇ ਬੱਝਵੇਂ ਲੋਕ ਘੋਲਾਂ ਰਾਹੀਂ ਭਾਂਜ ਦੇਣੀ ਅਤੇ ਸਾਮਰਾਜੀ ਤੇ ਪੂੰਜੀਵਾਦੀ-ਜਗੀਰੂ ਸ਼ੋਸ਼ਣ ਦਾ ਫਸਤਾ ਵੱਢਣ ਲਈ ਜੂਝਣਾ ਹੀ 23 ਮਾਰਚ ਦੇ ਸ਼ਹੀਦਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਧੋਖਾ ਦੇਣ ਲਈ ਪਹਿਲਾਂ ਆਰ.ਐਸ.ਐਸ., ਭਾਜਪਾ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਪ੍ਰਤੀ ਨਕਲੀ ਹੇਜ਼ ਜਤਾਉਂਦੇ ਸਨ ਅਤੇ ਹੁਣ ਲੋਕਾਈ ਨਾਲ ਫਰੇਬ ਕਮਾਉਣ ਦੇ ਇਸੇ ਰਾਹ ‘ਤੇ ਕੇਜਰੀਵਾਲ ਤੇ ਭਗਵੰਤ ਮਾਨ ਐਂਡ ਕੰਪਨੀ ਤੁਰੇ ਹੋਏ ਹਨ।

ਸਾਥੀ ਪਾਸਲਾ ਨੇ ਸਾਮਰਾਜੀ ਬਘਿਆੜਾਂ, ਬਹੁ ਕੌਮੀ ਕਾਰਪੋਰੇਸ਼ਨਾਂ ਅਤੇ ਜੁੰਡੀ ਪੂੰਜੀਵਾਦੀਆਂ ਦੇ ਹਿਤ ਪੂਰਨ ਲਈ ਘੜੀਆਂ ਗਈਆਂ ਨਵ-ਉਦਾਰਵਾਦੀ ਨੀਤੀਆਂ ਦੇ ਪਹਿਰਾਬਰਦਾਰ ਰਾਜਸੀ ਦਲਾਂ ਵਲੋਂ ਬਦਲਾਅ ਲਿਆਉਣ ਦੇ ਨਾਂ ‘ਤੇ ਲੋਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਤੋਂ ਸੁਚੇਤ ਹੋਣ ਅਤੇ ਬਦਲਵੀਆਂ ਲੋਕ ਪੱਖੀ ਨੀਤੀਆਂ ‘ਤੇ ਆਧਾਰਿਤ ਹਕੀਕੀ ਰਾਜਸੀ ਬਦਲ ਦੀ ਉਸਾਰੀ ਲਈ ਜੂਝਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਭਾਰਤ ਦੀ ਜਮਹੂਰੀ ਲਹਿਰ ਜਮਾਤੀ ਲੁੱਟ-ਖਸੁੱਟ ਤੋਂ ਇਲਾਵਾ ਜਾਤੀ-ਪਾਤੀ ਤੇ ਲਿੰਗਕ ਜਬਰ ਤੇ ਵਿਤਕਰੇ ਖਿਲਾਫ਼ ਸਮਝੌਤਾ ਰਹਿਤ ਸੰਘਰਸ਼ ਲੜੇ ਤੋਂ ਬਗੈਰ ਕਿਸੇ ਵੀ ਬੁਨਿਆਦੀ ਆਰਥਕ-ਸਮਾਜਿਕ ਤਬਦੀਲੀ ਭਾਵ ਕ੍ਰਾਂਤੀ ਦਾ ਲੋਕ ਯੁੱਧ ਸਿਰੇ ਚਾੜ੍ਹਨ ਦੇ ਯੋਗ ਨਹੀਂ ਬਣ ਸਕਦੀ। ਸਾਥੀ ਪਾਸਲਾ ਨੇ ਕਿਰਤੀ ਲੋਕਾਈ ਦਾ ਚੇਤਨਾ ਪੱਧਰ ਉਚਿਆਉਣ ਲਈ ਸਿਆਸੀ-ਵਿਚਾਰਧਾਰਕ ਮੁਹਿੰਮ ਨਿਰੰਤਰ ਜਾਰੀ ਰੱਖਣ ਦੇ ਮਹੱਤਵ ਨੂੰ ਉਚੇਚ ਨਾਲ ਉਭਾਰਿਆ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਤਮ ਤੌਰ ‘ਤੇ ਕਿਰਤੀ ਲੋਕਾਈ ਦੀ ਗਰੀਬੀ-ਅਮੀਰੀ ਦੇ ਪਾੜੇ, ਗਰੀਬੀ-ਭੁੱਖਮਰੀ, ਬੇਰੁਜ਼ਗਾਰੀ-ਮਹਿੰਗਾਈ, ਕੁਪੋਸ਼ਣ ਤੇ ਕੁਰਪਸ਼ਨ ਆਦਿ ਸਮੁੱਚੀਆਂ ਮੁਸੀਬਤਾਂ ਤੋਂ ਬੰਦਖਲਾਸੀ ਕੇਵਲ ਤੇ ਕੇਵਲ ਉਹ ਸਮਾਜਵਾਦੀ ਰਾਜ ਪ੍ਰਬੰਧ ਹੀ ਕਰ ਸਕਦਾ ਹੈ, ਜਿਸ ਦੀ ਸਥਾਪਨਾ ਦੀ ਖਾਕਾ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਯੁੱਧ ਸਾਥੀਆਂ ਨੇ ਬੁਣਿਆ ਸੀ।

ਇਸ ਮੌਕੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਕੁਲਵੰਤ ਸਿੰਘ ਸੰਧੂ ਤੇ ਮਹੀਪਾਲ, ਕੁਲਦੀਪ ਸਿੰਘ ਦੌੜਕਾ, ਜਸਵਿੰਦਰ ਸਿੰਘ ਢੇਸੀ, ਗੁਰਨੈਬ ਸਿੰਘ ਜੈਤੇਵਾਲ, ਮਨਜਿੰਦਰ ਸਿੰਘ ਢੇਸੀ ਨੇ ਵੀ ਵਿਚਾਰ ਰੱਖੇ। ਪ੍ਰਧਾਨਗੀ ਸਰਵ ਸਾਥੀ ਹਰਪਾਲ ਸਿੰਘ ਜਗਤਪੁਰ, ਸਤਨਾਮ ਸਿੰਘ ਗੁਲਾਟੀ, ਕਰਨੈਲ ਸਿੰਘ ਰਾਹੋਂ ਸਾਬਕਾ ਬੀਪੀਈਓ ਅਤੇ ਅਰਜਨ ਸਨਾਵਾ ਨੇ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਸਾਥੀ ਕੁਲਦੀਪ ਸਿੰਘ ਸੁਜੋਂ ਨੇ ਬਾਖੂਬੀ ਨਿਭਾਈ।

ਇਸ ਮੌਕੇ ਸਾਥੀ ਗੁਰਦਰਸ਼ਨ ਬੀਕਾ, ਸ਼ਿਵ ਕੁਮਾਰ ਤਿਵਾੜੀ, ਮਨੋਹਰ ਸਿੰਘ ਗਿੱਲ, ਅਜੀਤ ਸਿੰਘ ਸਾਬਕਾ ਸਰਪੰਚ, ਹਰੀ ਬਿਲਾਸ ਹੀਉਂ, ਸਤਨਾਮ ਸਿੰਘ ਸੁਜੋਂ, ਸੁਰਿੰਦਰ ਭੱਟੀ, ਬਿਮਲ ਬਖਤੌਰ ਸਾਬਕਾ ਸਰਪੰਚ, ਮੇਜਰ ਸਿੰਘ ਫੌਜੀ, ਮਾਸਟਰ ਗੁਰਦਿਆਲ ਰਾਮ, ਰਾਮ ਸਾਹਿਬ, ਬਲਵੀਰ ਰਾਮ ਮਹਾਲੋਂ, ਮਾਸਟਰ ਰੇਸ਼ਮ ਸਿੰਘ, ਮਾਸਟਰ ਸ਼ਿੰਗਾਰਾ ਰਾਮ, ਬਹਾਦਰ ਸਿੰਘ ਬਾਰਾ, ਸੋਢੀ ਰਾਮ ਸਾਬਕਾ ਸਰਪੰਚ, ਅਮਰਜੀਤ ਕੌਰ ਗੀਲਾਟੀ, ਇੰਦਰਜੀਤ ਕੌਰ ਸੁੱਜੋਂ, ਜਸਵੀਰ ਕੌਰ ਸੁੱਜੋਂ ਵੀ ਮੌਜੂਦ ਸਨ। ਸ਼ਹੀਦੀ ਸਮਾਰੋਹ ਦੀ ਸਮਾਪਤੀ ਤੋਂ ਪਿੱਛੋਂ ਪ੍ਰਸਿੱਧ ਨਾਟਕਕਾਰ ਡਾਕਟਰ ਸਾਹਿਬ ਸਿੰਘ ਨੇ ਆਪਣੇ ਡਰਾਮੇ ‘ਧੰਨ ਲਿਖਾਰੀ ਨਾਨਕਾ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਹਾਜ਼ਰ ਲੋਕਾਂ ਨੂੰ ਕੀਲ ਲਿਆ।

 

Leave a Reply

Your email address will not be published. Required fields are marked *