ਰੌਲੇ ਰੱਪੇ ਨਾਲ ਸ਼ੁਰੂ ਹੋਇਆ ਸੈਸ਼ਨ; ਸੌਂਕਣਾਂ ਵਾਂਗ ਲੜੇ AAP ਤੇ ਕਾਂਗਰਸੀ ਵਿਧਾਇਕ
ਚੰਡੀਗੜ੍ਹ:
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹੜ੍ਹਾਂ ਦੇ ਮੁੱਦੇ ‘ਤੇ ਸੱਤਾਧਾਰੀ (AAP) ਅਤੇ ਵਿਰੋਧੀ ਧਿਰਾਂ ਵਿਚਾਲੇ ਭਾਰੀ ਹੰਗਾਮਾ ਅਤੇ ਬਹਿਸ ਹੋਈ।
ਜਿੱਥੇ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਕੇਂਦਰ ਸਰਕਾਰ ਤੋਂ ਹੜ੍ਹ ਰਾਹਤ ਲਈ 20,000 ਕਰੋੜ ਰੁਪਏ ਦੀ ਮੰਗ ਦਾ ਪ੍ਰਸਤਾਵ ਪੇਸ਼ ਕੀਤਾ, ਉੱਥੇ ਹੀ ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਨੇ ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਭਾਜਪਾ, ‘ਤੇ ਸਿਆਸਤ ਕਰਨ ਦਾ ਦੋਸ਼ ਲਗਾਇਆ।
‘ਲਾਸ਼ਾਂ ‘ਤੇ ਸਿਆਸਤ’ ਕਰ ਰਹੀ ਕਾਂਗਰਸ- ਚੀਮਾ
ਕਾਂਗਰਸ ‘ਤੇ ਹਮਲਾ ਬੋਲਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਹੜ੍ਹਾਂ ਦੀ ਤਰਾਸਦੀ ਪ੍ਰਤੀ ਗੰਭੀਰ ਨਹੀਂ ਹੈ ਅਤੇ ‘ਲਾਸ਼ਾਂ ‘ਤੇ ਸਿਆਸਤ’ ਕਰ ਰਹੀ ਹੈ।
ਉਨ੍ਹਾਂ ਵਿਰੋਧੀ ਧਿਰ ਨੂੰ ਸਵਾਲ ਕੀਤਾ ਕਿ ਕੀ ਹਿਮਾਚਲ, ਜੰਮੂ ਅਤੇ ਉੱਤਰਾਖੰਡ ਵਿੱਚ ਮੀਂਹ ਨਹੀਂ ਪਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹਮੇਸ਼ਾ ਨਕਾਰਾਤਮਕ ਮੁੱਦਿਆਂ ‘ਤੇ ਸਿਆਸਤ ਕਰਦੀ ਹੈ ਅਤੇ ਵਾਕਆਊਟ ਕਰਨ ਦੇ ਬਹਾਨੇ ਲੱਭਦੀ ਹੈ।
ਪੰਜਾਬ ਦੀ ਨਹੀਂ ਫੜੀ ਭਾਜਪਾ ਨੇ ਬਾਂਹ- ਹਰਜੋਤ ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦਾ ਮਕਸਦ ਲੋਕਾਂ ਦੀ ਮਦਦ ਕਰਨਾ ਸੀ, ਪਰ ਕਾਂਗਰਸ ਨੇ ਸਿਰਫ਼ ਸਿਆਸਤ ਹੀ ਕੀਤੀ।
ਉਨ੍ਹਾਂ ਕਾਂਗਰਸ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਬਿਮਾਰੀ ‘ਤੇ ਰਾਜਨੀਤੀ ਕਰਨ ਦੀ ਆਲੋਚਨਾ ਕੀਤੀ। ਬੈਂਸ ਨੇ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਹੜ੍ਹਾਂ ਦੌਰਾਨ ਭਾਜਪਾ ਨੇ ਪੰਜਾਬ ਦੀ ਬਾਂਹ ਨਹੀਂ ਫੜੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪਿਛਲੇ 10 ਦਿਨਾਂ ਤੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮੰਗ ਰਹੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਸਮਾਂ ਨਹੀਂ ਮਿਲਿਆ।
ਬੈਂਸ ਨੇ ਕਿਹਾ ਕਿ ਪੰਜਾਬ ਨੂੰ ਹਮੇਸ਼ਾ ‘ਕੁਝ ਬੇਗਾਨਿਆਂ ਨੇ, ਕੁਝ ਆਪਣਿਆਂ ਨੇ’ ਸੱਟਾਂ ਮਾਰੀਆਂ ਹਨ, ਜਿਵੇਂ ਕਿ 1947 ਦੀ ਵੰਡ, 1984 ਦੇ ਦੰਗੇ ਅਤੇ ਹੁਣ ਹੜ੍ਹਾਂ ਦੀ ਆਫ਼ਤ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਫ਼ਸਲਾਂ ਨਾਲ ਜੁੜੀ ਹੈ, ਜੋ ਕਿ ਬੁਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ।

