All Latest NewsNews FlashPunjab News

Punjabi News- ਆਰਸੀਐਫ ਐਮਪਲਾਈਜ਼ ਯੂਨੀਅਨ ਦੁਆਰਾ ਸ਼ਹੀਦਾਂ ਨੂੰ ਸਮਰਪਿਤ ਇਨਕਲਾਬੀ ਸਮਾਗਮ ਦਾ ਆਯੋਜਨ

 

ਮੌਜੂਦਾ ਟ੍ਰੇਡ ਯੂਨੀਅਨਾਂ ਦੇ ਸਾਹਮਣੇ ਰੇਲਵੇ ਨੂੰ ਕਾਰਪੋਰੇਟ ਦੇ ਹਮਲੇ ਤੋਂ ਬਚਾਉਣਾ ਸਭ ਤੋਂ ਵੱਡੀ ਚੁਣੌਤੀ: ਡਾ. ਅਤੁਲ ਸੂਦ

ਕੇਵਲ ਦਸ ਪ੍ਰਤੀਸ਼ਤ ਲੋਕਾਂ ਦੇ ਲਈ ਹੀ ਸਾਰੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ: ਡਾ. ਅਤੁਲ ਸੂਦ

ਟ੍ਰੇਡ ਯੂਨੀਅਨ ਨੂੰ ਮਜ਼ਦੂਰ, ਕਿਸਾਨ, ਵਿਦਿਆਰਥੀ ਅਤੇ ਔਰਤਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਦੀ ਲੋੜ: ਡਾ. ਨਵਸ਼ਰਨ ਕੌਰ

Punjabi News- 

ਆਰਸੀਐਫ ਐਮਪਲਾਈਜ਼ ਯੂਨੀਅਨ ਦੁਆਰਾ ਵਰਕਰ ਕਲੱਬ ਵਿੱਚ ਇਨਕਲਾਬੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣਾ ਅਤੇ ਮੌਜੂਦਾ ਸਮੇਂ ਵਿੱਚ ਮਜ਼ਦੂਰਾਂ ਦੇ ਸੰਘਰਸ਼, ਨਿਜੀਕਰਨ, ਆਉਟਸੋਰਸਿੰਗ ਅਤੇ ਸਰਕਾਰੀ ਨੀਤੀਆਂ ਦੇ ਪ੍ਰਭਾਵਾਂ ‘ਤੇ ਚਰਚਾ ਕਰਨਾ ਸੀ। ਇਸ ਸਮਾਗਮ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਪ੍ਰੋਫੈਸਰ ਡਾ. ਅਤੁਲ ਸੂਦ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਇਸ ਦੇ ਨਾਲ ਹੀ, ਡਾ. ਨਵਸ਼ਰਨ ਕੌਰ, ਜੋ ਇੱਕ ਸਮਾਜਿਕ ਕਾਰਕੁਨ ਅਤੇ ਔਰਤਾਂ ਦੇ ਅਧਿਕਾਰਾਂ ਦੀ ਪੈਰੋਕਾਰ ਹਨ, ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਡਾ. ਅਤੁਲ ਸੂਦ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਦੀਆਂ ਨਵੀਆਂ ਆਰਥਿਕ ਨੀਤੀਆਂ ਅਤੇ ਰੇਲਵੇ ਦੇ ਨਿਜੀਕਰਨ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਹੁਣ ਨਿਜੀਕਰਨ ਤੋਂ ਅੱਗੇ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਸਮਝਣ ਅਤੇ ਉਨ੍ਹਾਂ ਖਿਲਾਫ਼ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਰਸੀਐਫ ਐਮਪਲਾਈਜ਼ ਯੂਨੀਅਨ ਅਤੇ ਇੰਡੀਅਨ ਰੇਲਵੇ ਐਮਪਲਾਈਜ਼ ਫੈਡਰੇਸ਼ਨ ਨੂੰ ਭਾਰਤੀ ਰੇਲਵੇ ਵਿੱਚ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ਼ ਲੜਨ ਵਾਲੀ ਇਕਲੌਤੀ ਸੰਗਠਨ ਦੱਸਿਆ। ਡਾ. ਸੂਦ ਨੇ ਕਿਹਾ ਕਿ ਮੌਜੂਦਾ ਟ੍ਰੇਡ ਯੂਨੀਅਨਾਂ ਨੂੰ ਕਰਮਚਾਰੀਆਂ ਦੇ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਹੱਕ ਵਿੱਚ ਸੰਘਰਸ਼ ਕਰਨਾ ਚਾਹੀਦਾ ਹੈ।

ਡਾਕਟਰ ਸੂਦ ਨੇ ਸਪਸ਼ਟ ਤੌਰ ਵਿੱਚ ਕਿਹਾ ਕਿ 140 ਕਰੋੜ ਦੀ ਜਨਸੰਖਿਆ ਵਾਲੇ ਦੇਸ਼ ਵਿੱਚ ਕੇਵਲ 10 ਪ੍ਰਤੀਸ਼ਤ ਅਮੀਰ ਲੋਕਾਂ ਨੂੰ ਕੇਂਦਰ ਵਿੱਚ ਰੱਖਦੇ ਹੋਏ ਉਹਨਾਂ ਦੇ ਲਈ ਅਤੇ ਉਹਨਾਂ ਦੇ ਹਿਸਾਬ ਨਾਲ ਹੀ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜੋ ਇਸ ਸਮੇਂ ਸਭ ਤੋਂ ਜਿਆਦਾ ਖਤਰਨਾਕ ਹਨ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨਾ ਸਿਰਫ਼ ਨਿਜੀਕਰਨ ਨੂੰ ਵਧਾਵਾ ਦੇ ਰਹੀਆਂ ਹਨ, ਬਲਕਿ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ, ਕੰਮ ਦੇ ਹਾਲਾਤਾਂ ਵਿੱਚ ਗਿਰਾਵਟ ਅਤੇ ਆਉਟਸੋਰਸਿੰਗ ਨੂੰ ਵੀ ਉਤਸ਼ਾਹਿਤ ਕਰ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਰੇਲਵੇ ਤੇ ਹੋਰ ਸਰਵਜਨਿਕ ਅਦਾਰਿਆਂ ਨੂੰ ਕਾਰਪੋਰੇਟ ਦੇ ਹਮਲੇ ਤੋਂ ਬਚਾਉਣਾ ਟ੍ਰੇਡ ਯੂਨੀਅਨ ਦੀ ਮੁੱਖ ਜਿੰਮੇਵਾਰੀ। ਉਨ੍ਹਾਂ ਨੇ ਇਨ੍ਹਾਂ ਨੀਤੀਆਂ ਦੇ ਖਿਲਾਫ਼ ਇੱਕਜੁਟ ਹੋ ਕੇ ਲੜਨ ਦੀ ਲੋੜ ‘ਤੇ ਜ਼ੋਰ ਦਿੱਤਾ।

ਡਾ. ਨਵਸ਼ਰਨ ਕੌਰ ਨੇ ਰੇਲਵੇ ਦੇ ਹਾਲਾਤਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਨਿਜੀਕਰਨ ਅਤੇ ਆਉਟਸੋਰਸਿੰਗ ਦੇ ਕਾਰਨ ਰੇਲਵੇ ਕਰਮਚਾਰੀਆਂ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਨੇ ਮਣੀਪੁਰ ਦੇ ਆਦਿਵਾਸੀ ਸਮੁਦਾਇ ਅਤੇ ਦੇਸ਼ ਭਰ ਵਿੱਚ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ‘ਤੇ ਵੀ ਰੋਸ਼ਨੀ ਪਾਈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਦੇ ਖਿਲਾਫ਼ ਹਿੰਸਾ ਅਤੇ ਅੱਤਿਆਚਾਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਅਤੇ ਇਨ੍ਹਾਂ ਨੂੰ ਰੋਕਣ ਲਈ ਟ੍ਰੇਡ ਯੂਨੀਅਨ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।

ਡਾ. ਕੌਰ ਨੇ ਇਹ ਵੀ ਕਿਹਾ ਕਿ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਸਾਨੂੰ ਇੱਕਜੁਟ ਹੋ ਕੇ ਸੰਘਰਸ਼ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਰਿਆਂ ਨੂੰ ਮਿਲ ਕੇ ਇਨ੍ਹਾਂ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਔਰਤਾਂ ਦੇ ਖਿਲਾਫ਼ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ਼ ਲੜਨਾ ਹੋਵੇਗਾ। ਉਨ੍ਹਾਂ ਨੇ ਰੇਲਵੇ ਕਰਮਚਾਰੀਆਂ ਅਤੇ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਲਈ ਠੋਸ ਕਦਮ ਚੁੱਕਣ ਦੀ ਲੋੜ ‘ਤੇ ਜ਼ੋਰ ਦਿੱਤਾ।

ਇਸ ਸਮਾਗਮ ਵਿੱਚ ਮਾਨਵਤਾ ਕਲਾ ਮੰਚ ਨਗਰ ਦੀ ਟੀਮ ਦੁਆਰਾ “ਚਿੜੀਆ ਦਾ ਚੰਬਾ” ਅਤੇ “ਭਾਰਤਾ ਵੇ ਭਾਰਤਾ” ਨਾਟਕ ਪੇਸ਼ ਕੀਤੇ ਗਏ। ਇਨ੍ਹਾਂ ਨਾਟਕਾਂ ਨੇ ਧਰਮ ਦੇ ਨਾਮ ‘ਤੇ ਹੋ ਰਹੀ ਰਾਜਨੀਤੀ, ਸਮਾਜ ਵਿੱਚ ਫੈਲ ਰਹੀ ਨਫ਼ਰਤ ਅਤੇ ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਉਜਾਗਰ ਕੀਤਾ। ਇਸ ਦੇ ਨਾਲ ਹੀ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੀ ਕਲਚਰਲ ਟੀਮ ਦੁਆਰਾ ਇਨਕਲਾਬੀ ਗੀਤ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਸਮਾਗਮ ਦੇ ਮਾਹੌਲ ਨੂੰ ਹੋਰ ਵੀ ਪ੍ਰੇਰਣਾਦਾਇਕ ਬਣਾ ਦਿੱਤਾ।

ਮੰਚ ਸੰਚਾਲਨ ਦੀ ਭੂਮਿਕਾ ਯੂਨੀਅਨ ਦੇ ਸੰਗਠਨ ਸਕੱਤਰ ਭਰਤ ਰਾਜ ਨੇ ਨਿਭਾਈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਉਹ ਸਾਡੇ ਤੋਂ ਕੁਝ ਆਸ ਰੱਖਦੇ ਸਨ, ਉਨ੍ਹਾਂ ਦਾ ਮਕਸਦ ਸਿਰਫ਼ ਬਰਤਾਨਵੀ ਸ਼ਾਸਨ ਤੋਂ ਮੁਕਤੀ ਪਾਉਣਾ ਹੀ ਨਹੀਂ ਸੀ, ਬਲਕਿ ਇੱਕ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਸੀ ਜਿੱਥੇ ਸਮਾਨਤਾ, ਨਿਆਂ ਅਤੇ ਸੁਤੰਤਰਤਾ ਹੋਵੇ। ਭਗਤ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਉਹ ਇੱਕ ਅਜਿਹੀ ਆਜ਼ਾਦੀ ਚਾਹੁੰਦੇ ਸਨ ਜਿਸ ਵਿੱਚ ਸ਼ੋਸ਼ਣ, ਗਰੀਬੀ ਅਤੇ ਅਸਮਾਨਤਾ ਦੀ ਕੋਈ ਥਾਂ ਨਾ ਹੋਵੇ। ਉਨ੍ਹਾਂ ਦਾ ਸੁਪਨਾ ਇੱਕ ਅਜਿਹੇ ਸਮਾਜ ਦਾ ਸੀ ਜਿੱਥੇ ਹਰ ਵਿਅਕਤੀ ਨੂੰ ਸਮਾਨ ਅਧਿਕਾਰ ਅਤੇ ਸਨਮਾਨ ਮਿਲੇ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਪਣੇ ਬਲੀਦਾਨ ਨਾਲ ਇਹ ਸੰਦੇਸ਼ ਦਿੱਤਾ ਕਿ ਆਜ਼ਾਦੀ ਦਾ ਮਤਲਬ ਸਿਰਫ਼ ਅੰਗਰੇਜ਼ਾਂ ਤੋਂ ਮੁਕਤੀ ਨਹੀਂ ਹੈ, ਬਲਕਿ ਇੱਕ ਅਜਿਹੀ ਵਿਵਸਥਾ ਦਾ ਨਿਰਮਾਣ ਕਰਨਾ ਹੈ ਜੋ ਸਾਰੇ ਨਾਗਰਿਕਾਂ ਲਈ ਨਿਆਂਪੂਰਨ ਅਤੇ ਸਮਾਨਤਾਮੁਲਕ ਹੋਵੇ। ਉਨ੍ਹਾਂ ਦੀ ਕ੍ਰਾਂਤੀਕਾਰੀ ਸੋਚ ਅਤੇ ਬਲੀਦਾਨ ਅੱਜ ਵੀ ਸਾਨੂੰ ਪ੍ਰੇਰਣਾ ਦਿੰਦੇ ਹਨ।

ਇਸ ਸਮਾਗਮ ਵਿੱਚ ਐਸਸੀ ਅਤੇ ਐਸਟੀ, ਓਬੀਸੀ, ਆਈਆਰਟੀਐਸਏ, ਇੰਜੀਨੀਅਰਿੰਗ ਐਸੋਸੀਏਸ਼ਨ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਤਰਕਸ਼ੀਲ ਸੋਸਾਇਟੀ ਟੀਬਾ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। ਆਰਸੀਐਫ ਦੇ ਸੈਂਕੜੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

Leave a Reply

Your email address will not be published. Required fields are marked *