ਪੰਜਾਬ ਦੇ 500 ਅਧਿਆਪਕਾਂ ਦੀ ਨੌਕਰੀ ਖ਼ਤਰੇ ‘ਚ! ਮਾਸਟਰ ਕੇਡਰ ਯੁਨੀਅਨ ਨੇ ਲਾਇਆ ਵੱਡਾ ਦੋਸ਼
ਮੋਗਾ :
ਮਾਸਟਰ ਕੇਡਰ ਯੂਨੀਅਨ ਵੱਲੋਂ 3704 ਅਧਿਆਪਕ ਯੂਨੀਅਨ ਦੇ ਸੰਘਰਸ਼ ਦੀ ਹਿਮਾਇਤ ਕੀਤੀ ਗਈ ਹੈ। ਇਸ ਸਬੰਧੀ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਜਸਵੰਤ ਕੜਿਆਲ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਹਿਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 3704 ਅਧਿਆਪਕਾਂ ਦੀ ਭਰਤੀ ਫਰਵਰੀ 2021 ਵਿਚ ਹੋਈ ਸੀ ਅਤੇ ਇਹ ਅਧਿਆਪਕ ਪਿਛਲੇ 4 ਸਾਲਾਂ ਤੋਂ ਨੌਕਰੀ ਕਰ ਰਹੇ ਹਨ ਅਤੇ ਇਨ੍ਹਾਂ ਅਧਿਆਪਕਾਂ ਨੇ ਇਕ ਸਾਲ ਪਹਿਲਾਂ ਆਪਣਾ ਪਰਖ ਕਾਲ ਸਮਾਂ ਵੀ ਪੂਰਾ ਕਰ ਲਿਆ ਹੈ, ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ, ਜਿਸ ਤਹਿਤ ਸਾਰੇ ਵਿਸ਼ਿਆਂ ਦੀਆਂ ਮੈਰਿਟ ਲਿਸਟਾਂ ਰਿਵਾਇਜ ਕਰਕੇ 500 ਤੋਂ ਵੱਧ ਅਧਿਆਪਕਾ ਦੇ ਨਾਮ ਲਿਸਟਾਂ ਵਿਚੋਂ ਬਾਹਰ ਕੱਢ ਕੇ ਰਿਵਾਇਜਡ ਮੈਰਿਟ ਸਿਲੈਕਸਨ ਸੂਚੀ ਜਾਰੀ ਕਰ ਦਿੱਤੀ।
ਜਦਕਿ ਇਸ ਭਰਤੀ ਨੂੰ ਮੁਕੰਮਲ ਕਰਨ ਤੋਂ ਬਾਅਦ ਬੰਦ ਕਰਨ ਦਾ ਨੋਟਿਸ ਵੀ ਕੁਝ ਸਮਾਂ ਪਹਿਲਾਂ ਜਾਰੀ ਕੀਤਾ ਜਾ ਚੁੱਕਾ ਹੈ। ਉਕਤ ਲਿਸਟਾਂ ਵਿਚੋ ਬਾਹਰ ਕੀਤੇ 3704 ਤਹਿਤ ਭਰਤੀ ਹੋਏ 500 ਤੋਂ ਵੱਧ ਅਧਿਆਪਕਾਂ ਦੀ ਨੌਕਰੀ ਹੱਥੋਂ ਜਾਣ ਦਾ ਖਤਰਾ ਸਿਰ ਤੇ ਮੰਡਰਾ ਰਿਹਾ। ਭਰਤੀ ਕੀਤੇ ਰੈਗੂਲਰ ਉਕਤ ਅਧਿਆਪਕਾਂ ਲਈ ਲਏ ਜਾ ਰਹੇ ਅਜਿਹੇ ਫੈਸਲਿਆਂ ਕਾਰਨ ਸਾਰਾ ਅਧਿਆਪਕ ਵਰਗ ਸਹਿਮ ਦੇ ਮਾਹੌਲ ਵਿਚ ਹੈ, ਕਿਉਕਿ ਉਨ੍ਹਾਂ ਦੀ ਮਿਹਨਤ ਨਾਲ ਲਈ ਗਈ ਨੌਕਰੀ, ਜਿਸ ਉਪਰ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪੂਰੇ ਪਰਿਵਾਰਾਂ ਦਾ ਭਵਿੱਖ ਨਿਰਭਰ ਹੈ, ਨਿਰਾਸ਼ਾਦੇ ਆਲਮ ਵਿਚ ਹੈ।
ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਵਿਭਾਗ ਅਤੇ ਸਰਕਾਰ ਇਨ੍ਹਾਂ ਲਿਸਟ ਚੋ ਬਾਹਰ ਕੀਤੇ ਗਏ ਅਧਿਆਪਕਾਂ ਦੇ ਭਵਿੱਖ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਮਾਸਟਰ ਕੇਡਰ ਯੂਨੀਅਨ ਪੰਜਾਬ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਵਿਭਾਗ ਰਿਵਾਇਜ ਕੀਤੀਆਂ ਲਿਸਟਾਂ ਵਿਚ ਪਿਛਲੇ 4 ਸਾਲ ਤੋਂ ਨੌਕਰੀ ਕਰ ਰਹੇ ਅਧਿਆਪਕਾਂ ਦੇ ਨਾਮ ਸ਼ਾਮਲ ਕਰਕੇ ਮੈਰਿਟ ਲਿਸਟਾਂ ਦੁਬਾਰਾ ਜਾਰੀ ਕਰੇ। ਇਸ ਸਮੇਂ ਹੋਰਾਂ ਤੋਂ ਇਲਾਵਾ ਅਰੁਣ ਕੁਮਾਰ ਬਲਾਕ ਪ੍ਰਧਾਨ,ਸਤਿੰਦਰ ਸਿੰਘ, ਵਿਸ਼ਾਲ ਸ਼ਰਮਾ, ਇੰਦਰਪਾਲ ਸਿੰਘ, ਭੁਪਿੰਦਰ ਪਾਲ ਸਿੰਘ, ਗੁਰਮੀਤ ਸਿੰਘ ,ਗੁਰਦਰਸ਼ਨ ਸਿੰਘ ,ਗੁਰਪ੍ਰੀਤ ਸਿੰਘ, ਗੁਰਇੰਦਰ ਸਿੰਘ ਆਦਿ ਹਾਜ਼ਰ ਸਨ। pj