Punjab News: ਚੋਣ ਅਮਲੇ ਦੇ ਮੁਲਾਜ਼ਮਾਂ ਖ਼ਿਲਾਫ਼ FIR ਦਰਜ ਕਰਨ ਦੀ ਸਿਫਾਰਿਸ਼ ਦੀ ਨਿਖੇਧੀ
Punjab News: ਚੋਣ ਅਮਲੇ ਦੇ ਮੁਲਾਜ਼ਮਾਂ ਖ਼ਿਲਾਫ਼ FIR ਦਰਜ ਕਰਨ ਦੀ ਸਿਫਾਰਿਸ਼ ਦੀ ਨਿਖੇਧੀ
15 ਤਾਰੀਕ ਦੀ ਛੁੱਟੀ ਘੋਸ਼ਿਤ ਕੀਤੀ ਜਾਵੇ -ਡੀ. ਟੀ. ਐਫ਼.
ਚੰਡੀਗੜ੍ਹ, 13 ਦਸੰਬਰ 2025 (Media PBN)
14 ਦਸੰਬਰ ਨੂੰ ਪੰਜਾਬ ਭਰ ਵਿੱਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਦੇ ਮਸਲੇ ‘ਤੇ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਬਲਾਕ ਅਤੇ ਲੁਧਿਆਣਾ ਦੇ ਸਮਰਾਲਾ ਬਲਾਕ ਵਿੱਚ ਐੱਸ ਡੀ ਐੱਮ ਵੱਲੋਂ ਚੋਣ ਅਮਲੇ ਦੇ ਗ਼ੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਉੱਪਰ ਬਿਨਾਂ ਜਾਂਚ ਪੜਤਾਲ ਕੀਤੇ ਐਫ਼ ਆਈ ਆਰ ਕਰਨ ਦੀ ਸਿਫਾਰਿਸ਼ ਕੀਤੀ ਹੈ, ਜੋ ਕਿ ਸਰਾਸਰ ਧੱਕਾ ਹੈ।
ਆਗੂਆਂ ਨੇ ਕਿਹਾ ਕਿ ਬੀ. ਐੱਲ. ਓਜ਼. ਦੀਆਂ ਇਹਨਾਂ ਚੋਣਾਂ ਵਿੱਚ ਲਾਈਆਂ ਡਿਊਟੀਆਂ ਕਾਰਨ ਸਰਕਾਰ ਨੂੰ ਪਹਿਲਾਂ ਹੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਗਾ ਵਿੱਚ ਤਾਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਦੇਰ ਰਾਤ ਤੱਕ ਧਰਨਾ ਲਗਾ ਕੇ ਬੀ. ਐੱਲ. ਓਜ਼. ਦੀਆਂ ਡਿਊਟੀਆਂ ਕਟਵਾਈਆਂ। ਇਸੇ ਤਰਾਂ ਸੰਗਰੂਰ ਅਤੇ ਹੋਰ ਕਈ ਥਾਵਾਂ ‘ਤੇ ਬੀ. ਐੱਲ. ਓਜ਼. ਦੀਆਂ ਡਿਊਟੀਆਂ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਰੋਸ ਦੇਖਣ ਨੂੰ ਮਿਲਿਆ।
ਆਗੂਆਂ ਨੇ ਸਰਕਾਰ ਨੂੰ ਪੁੱਛਿਆ ਕਿ ਜਦੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਬੀ. ਐੱਲ. ਓਜ਼. ਤੋਂ ਬਿਨਾਂ ਹੋ ਸਕਦੀਆਂ ਹਨ ਤਾਂ ਇਹ ਚੋਣਾਂ ਤਾਂ ਸਿਰਫ ਪਿੰਡਾਂ ਵਿੱਚ ਹੋਣ ਕਰਕੇ ਬਹੁਤ ਘੱਟ ਸਟਾਫ ਨਾਲ ਕਰਵਾਈਆਂ ਜਾ ਸਕਦੀਆਂ ਹਨ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਆਪਣੇ ਚਹੇਤਿਆਂ ਜਾਂ ਕਥਿਤ ਰਿਸ਼ਵਤਖੋਰੀ ਨਾਲ ਡਿਊਟੀਆਂ ਕੱਟ ਕੇ ਡਿਊਟੀ ਨਾ ਦੇ ਸਕਣ ਵਾਲੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਗੰਭੀਰ ਬਿਮਾਰ, ਵਿਧਵਾਵਾਂ, ਸੇਵਾ ਮੁਕਤ ਹੋ ਚੁੱਕੇ, ਮਰ ਚੁੱਕੇ ਅਤੇ ਇਮਤਿਹਾਨ ਦੇ ਰਹੇ ਅਧਿਆਪਕਾਂ ਦੀਆਂ ਵੀ ਚੋਣ ਡਿਊਟੀਆਂ ਲਗਾ ਦਿੱਤੀਆਂ ਹਨ ਜੋ ਕਿ ਸਰਾਸਰ ਗਲਤ ਹੈ। ਇਸ ਤੋਂ ਇਲਾਵਾ ਔਰਤ ਅਧਿਆਪਕਾਵਾਂ ਦੀਆਂ ਡਿਊਟੀਆਂ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਲਗਾ ਦਿੱਤੀਆਂ ਹਨ।
ਆਗੂਆਂ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਉੱਪਰ ਐਫ਼. ਆਈ. ਆਰ. ਕੀਤੀ ਗਈ ਤਾਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਤਿੱਖਾ ਸੰਘਰਸ਼ ਕਰੇਗਾ। ਆਗੂਆਂ ਨੇ ਮੰਗ ਕੀਤੀ ਕਿ 15 ਤਾਰੀਕ ਦੀ ਛੁੱਟੀ ਘੋਸ਼ਿਤ ਕੀਤੀ ਜਾਵੇ ਕਿਉਂਕਿ ਸਕੂਲਾਂ ਦਾ ਸਾਰਾ ਸਟਾਫ 14 ਤਾਰੀਕ ਨੂੰ ਦੇਰ ਰਾਤ ਵੋਟਾਂ ਦਾ ਕੰਮ ਨਿਬੇੜ ਕੇ ਘਰ ਪਹੁੰਚੇਗਾ।

