ਸਿੱਖਿਆ ਵਿਭਾਗ ਕੋਲ ਸਕੂਲੀ ਖੇਡਾਂ ਦੇ ਯੋਗ ਪ੍ਰਬੰਧ ਦੀ ਨਹੀਂ ਕੋਈ ਪਾਲਿਸੀ: ਪ੍ਰਧਾਨ ਸੰਦੀਪ ਕੌਰ
ਖੇਡਾਂ ਲਈ ਸਕੂਲਾਂ ਨੂੰ ਯੋਗ ਰਾਸ਼ੀ ਜਾਰੀ ਕਰੇ ਸਿੱਖਿਆ ਵਿਭਾਗ : ਪ੍ਰਧਾਨ ਸੰਦੀਪ ਕੌਰ
ਪੰਜਾਬ ਨੈੱਟਵਰਕ, ਰੂਪਨਗਰ-
‘ਖੇਡਾਂ ਸਕੂਲ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਅੰਗ ਹਨ। ਇਹ ਬੱਚੇ ਦੇ ਤਨ ਤੇ ਮਨ ਨੂੰ ਬਲਵਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਧਿਆਪਕ ਵਲੋਂ ਹਰ ਹੰਭਲਾ ਮਾਰਿਆ ਜਾ ਰਿਹਾ ਹੈ ਕਿ ਸਕੂਲ ਸਿੱਖਿਆ ਦਾ ਇਹ ਮਹੱਤਵਪੂਰਨ ਅੰਗ ਜਿਊਂਦਾ ਰਹੇ।
ਪ੍ਰੰਤੂ ਸਿੱਖਿਆ ਵਿਭਾਗ ਆਪਣੇ ਫ਼ਰਜ਼ਾਂ ਤੋਂ ਭੱਜ ਰਿਹਾ ਹੈ। ਵਿਭਾਗ ਕੋਲ ਅਜਿਹੇ ਟੂਰਨਾਮੈਂਟਾਂ ਦੇ ਯੋਗ ਪ੍ਰਬੰਧ ਕਰਨ ਲਈ ਕੋਈ ਯੋਗ ਨੀਤੀ ਨਹੀਂ ਹੈ।ਨਤੀਜਾ ਪੰਜਾਬ ਵਿੱਚ ਖੇਡਾਂ ਦੀ ਪੌਦ ਵਧੀਆ ਢੰਗ ਨਾਲ ਤਿਆਰ ਨਹੀਂ ਹੋ ਰਹੀ ਹੈ।’
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਦੀਪ ਕੌਰ ਬਲਾਕ ਪ੍ਰਧਾਨ ਰੂਪਨਗਰ 2 , ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਰੂਪਨਗਰ ਵਲੋਂ ਪ੍ਰੈੱਸ ਨੂੰ ਜਾਰੀ ਕੀਤੇ ਪ੍ਰੈੱਸ ਨੋਟ ਵਿੱਚ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਚੱਲ ਰਹੀਆਂ ਹਨ। ਜਿਨ੍ਹਾਂ ਦੇ ਸਮੁੱਚੇ ਖਰਚ ਲਈ ਜ਼ਿਲ੍ਹਾ ਦਫਤਰ ਵਲੋਂ ਸਿੱਖਿਆ ਬਲਾਕਾਂ ਨੂੰ ਕੇਵਲ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਜਿਸ ਕਾਰਨ ਬਲਾਕ ਅਧਿਕਾਰੀ ਸਕੂਲਾਂ ਨੂੰ ਸਪੱਸ਼ਟ ਕਹਿ ਰਹੇ ਹਨ ਕਿ ਪੰਜ ਹਜ਼ਾਰ ਵਿੱਚ ਤਾਂ ਬੱਚਿਆਂ ਦੇ ਮੈਡਲ ਹੀ ਦਿੱਤੇ ਜਾ ਸਕਦੇ ਹਨ। ਬੱਚਿਆਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਅਧਿਆਪਕ ਖੁਦ ਕਰਨ।
ਬੱਚਿਆਂ ਨੂੰ ਖੇਡ ਗਰਾਊਂਡ ਵਿੱਚ ਲੈ ਕੇ ਆਉਣ ਦਾ ਪ੍ਰਬੰਧ ਵੀ ਅਧਿਆਪਕ ਖੁਦ ਕਰਨ। ਐਥੇ ਦਾਦ ਦੇਣੀ ਬਣਦੀ ਹੈ ਅਧਿਆਪਕਾਂ ਦੀ ਉੱਚ ਸ਼ਖ਼ਸੀਅਤ ਦੀ ਜੋ ਆਪਣੇ ਪੱਲਿਓ ਪੈਸੇ ਖ਼ਰਚ ਕੇ ਬੱਚਿਆਂ ਨੂੰ ਸਪੋਰਟਸ ਕਿੱਟਾਂ ਖਰੀਦ ਕੇ ਦੇ ਰਹੇ ਹਨ।
ਜੋ ਆਪਣੇ ਪੱਲਿਓਂ ਪੈਸੇ ਖਰਚ ਕੇ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਰਹੇ ਹਨ। ਜੋ ਆਪਣੇ ਪੱਲਿਓਂ ਪੈਸੇ ਖਰਚ ਕੇ ਬੱਚਿਆਂ ਨੂੰ ਖੇਡ ਗਰਾਊਂਡ ਵਿੱਚ ਲੈ ਕੇ ਆ ਰਹੇ ਹਨ। ਪ੍ਰੰਤੂ ਸਿੱਖਿਆ ਵਿਭਾਗ ਵਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਸਿੱਖਿਆ ਦੇ ਇਸ ਅਤਿ ਮਹੱਤਵਪੂਰਨ ਅੰਗ ਦਾ ਗਲਾ਼ ਘੋਟਣ ਵਿੱਚ।
ਜਦ ਕਿ ਚਾਹੀਦਾ ਤਾਂ ਇਹ ਸੀ ਕਿ ਸਿੱਖਿਆ ਵਿਭਾਗ ਬਲਾਕ ਪੱਧਰ ਤੇ ਜੇਤੂ ਟੀਮਾਂ ਨੂੰ ਮੈਡਲਾਂ ਦੇ ਨਾਲ ਨਾਲ ਸਨਮਾਨ ਵੱਜੋਂ ਟਰਾਫੀ ਵੀ ਦੇਂਦਾ। ਬਲਾਕ ਪੱਧਰੀ ਟੂਰਨਾਮੈਂਟ ਦੀ ਵਧੀਆ ਦਿੱਖ ਵਜੋਂ ਟੈਂਟ ਤੇ ਸਾਊਂਡ ਆਦਿ ਦਾ ਪ੍ਰਬੰਧ ਕਰਦਾ। ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਦਾ।ਟੂਰਨਾਮੈਂਟ ਸਥਾਨ ਤੇ ਮੈਡੀਕਲ ਸਹੁਲਤਾਂ ਦਾ ਪ੍ਰਬੰਧ ਕਰਦਾ।
ਜਥੇਬੰਦੀ ਦੇ ਜਿਲ੍ਹਾ ਵਿੱਤ ਸਕੱਤਰ ਕੁਲਵਿੰਦਰ ਸਿੰਘ ਝੱਲੀਆਂ ਨੇ ਦੱਸਿਆ ਕਿ ਖੇਡਾਂ ਦੌਰਾਨ ਜੇਕਰ ਖਿਡਾਰੀ ਦੇ ਕੋਈ ਸੱਟ ਵਗੈਰਾ ਵੱਜ ਜਾਏ ਤਾਂ ਇਸ ਸਥਿਤੀ ਵਿੱਚ ਵੀ ਵਿਭਾਗ ਵਲੋਂ ਖਿਡਾਰੀ ਤੇ ਅਧਿਆਪਕ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾਂਦਾ। ਇਸ ਸਥਿਤੀ ਵਿੱਚ ਸਮੁੱਚੀਆਂ ਮੁਸ਼ਕਲਾਂ ਦਾ ਸਾਹਮਣਾ ਅਧਿਆਪਕ ਨੂੰ ਖੁਦ ਨੂੰ ਕਰਨਾ ਪੈਂਦਾ ਹੈ।
ਜਥੇਬੰਦੀ ਵਲੋਂ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਗਈ ਕਿ ਖੇਡਾਂ ਦੀ ਇਸ ਪਨੀਰੀ ਨੂੰ ਪ੍ਰਫੁੱਲਿਤ ਕਰਨ ਲਈ ਯੋਗ ਵਿੱਤ ਤੇ ਯੋਗ ਯੋਜਨਾਵਾਂ ਦੀ ਲੋੜ ਹੈ।
ਖੇਡਾਂ ਦੇ ਵਧੀਆ ਪ੍ਰਬੰਧ ਲਈ ਅਧਿਆਪਕਾਂ ਨੂੰ ਢੁਕਵੀਂ ਰਾਸ਼ੀ ਜਾਰੀ ਕੀਤੀ ਜਾਏ ਤਾਂ ਜੋ ਅਧਿਆਪਕਾਂ ਨੂੰ ਖੇਡਾਂ ਦਾ ਰੂਪ ਨਿਖਾਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਬਲਾਕ ਤੋਂ ਬਾਅਦ ਜ਼ਿਲ੍ਹਾ ਤੇ ਫਿਰ ਸਟੇਟ ਪੱਧਰ ਆਉਂਣਾ ਹੈ। ਇਸ ਲਈ ਇਨ੍ਹਾਂ ਖੇਡਾਂ ਲਈ ਅਧਿਆਪਕਾਂ ਨੂੰ ਢੁਕਵੀਂ ਰਾਸ਼ੀ ਜਾਰੀ ਕੀਤੀ ਜਾਏ। ਤਾਂ ਜੋ ਉਹ ਜ਼ਿਲਾ ਤੇ ਸਟੇਟ ਪੱਧਰ ਤੇ ਬੱਚਿਆਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਲੈ ਕੇ ਜਾ ਸਕਣ।