ਪੰਚਾਇਤੀ ਚੋਣਾਂ! ਰਿਹਰਸਲ ‘ਚ ਗੈਰ ਹਾਜ਼ਰ ਅਧਿਕਾਰੀਆਂ, ਕਰਮਚਾਰੀਆਂ ’ਤੇ ਹੋਵੇਗੀ ਸਖਤ ਕਾਰਵਾਈ
ਪੰਜਾਬ ਨੈੱਟਵਰਕ, ਮਲੋਟ/ਸ੍ਰੀ ਮੁਕਤਸਰ ਸਾਹਿਬ:
ਗ੍ਰਾਮ ਪੰਚਾਇਤੀ ਚੋਣਾਂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਬਲਾਕ ਮਲੋਟ ਵਿਖੇ ਤਾਇਨਾਤ ਚੋਣ ਅਮਲੇ ਦੀ ਰਿਹਰਸਲ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ ਦੀ ਅਗਵਾਈ ਹੇਠ ਮੁਕੰਮਲ ਹੋਈ।
ਚੋਣ ਪ੍ਰਕਿਰਿਆ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਮੂਹ ਗ੍ਰਾਮ ਪੰਚਾਇਤ ਚੋਣ ਬਲਾਕ ਮਲੋਟ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਪੰਚਾਇਤੀ ਚੋਣਾਂ ਦੀ ਪੋਲ ਡਿਊਟੀ ਤੋ ਛੋਟ ਨਹੀਂ ਦਿੱਤੀ ਜਾਵੇਗੀ ਅਤੇ ਅੱਜ ਦੀ ਚੋਣ ਰਿਹਰਸਲ ਵਿੱਚ ਗੈਰ ਹਾਜ਼ਰ ਕਰਮਚਾਰੀਆਂ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਗੈਰ ਹਾਜ਼ਰੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੁੱਲ 269 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਹਨ, ਜਿਸ ਵਿੱਚ ਸ੍ਰੀ ਮੁਕਤਸਰ ਸਾਹਿਬ ਬਲਾਕ ਦੀਆਂ 97 ਗ੍ਰਾਮ ਪੰਚਾਇਤਾਂ ਹਨ, ਜਿਸ ਵਿੱਚ 262 ਸਰਪੰਚ ਅਤੇ 823 ਪੰਚ ਉਮੀਦਵਾਰ ਹਨ। ਮਲੋਟ ਬਲਾਕ ਵਿੱਚ 62 ਗ੍ਰਾਮ ਪੰਚਾਇਤਾਂ ਵਿੱਚ 201 ਸਰਪੰਚ ਅਤੇ 615 ਪੰਚ ਉਮੀਦਵਾਰ ਹਨ।
ਇਸੇ ਤਰ੍ਹਾਂ ਬਲਾਕ ਲੰਬੀ ਵਿੱਚ 55 ਗ੍ਰਾਮ ਪੰਚਾਇਤਾਂ ਵਿੱਚ 208 ਸਰਪੰਚ ਅਤੇ 573 ਪੰਚ ਉਮੀਦਵਾਰ ਹਨ ਅਤੇ ਗਿੱਦੜਬਾਹਾ ਬਲਾਕ ਵਿੱਚ 55 ਗ੍ਰਾਮ ਪੰਚਾਇਤਾਂ ਵਿੱਚ 128 ਸਰਪੰਚ ਅਤੇ 353 ਪੰਚ ਉਮੀਦਵਾਰ ਹਨ ਅਤੇ ਹੁਣ ਤੱਕ ਕੁੱਲ 57 ਸਰਪੰਚਾਂ ਅਤੇ 1013 ਪੰਚਾਂ ਦੀ ਸਰਬ ਸੰਮਤੀ ਨਾਲ ਚੋਣ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤੀ ਚੋਣਾਂ ਬਹੁਤ ਅਹਿਮ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਡਿਉਟੀਆਂ ਲੱਗੀਆਂ ਹੋਈਆਂ ਹਨ, ਉਹ ਤਨ, ਮਨ ਅਤੇ ਪੂਰੀ ਲਗਨ ਨਾਲ ਆਪਣੀ ਡਿਉਟੀ ਨਿਭਾਉਣ ਤਾਂ ਜੋ ਇਨ੍ਹਾਂ ਚੋਣਾਂ ਨੂੰ ਬਿਨ੍ਹਾਂ ਕਿਸੇ ਸਮੱਸਿਆ ਤੋਂ ਨੇਪਰੇ ਚਾੜ੍ਹਿਆ ਜਾ ਸਕੇ।