All Latest NewsNews FlashPunjab News

Punjab News: ਕਾਮਰੇਡਾਂ ਵੱਲੋਂ ‘ਸੰਵਿਧਾਨ ਬਚਾਓ, ਦੇਸ਼ ਬਚਾਓ, ਪੰਜਾਬ ਬਚਾਓ ਮਹਾਂ ਰੈਲੀ’

 

-ਕਾਮਰੇਡ ਮੰਗਤ ਰਾਮ ਪਾਸਲਾ ਤੇ ਅਸ਼ੋਕ ਓਮਕਾਰ ਸਨ ਮੁੱਖ ਬੁਲਾਰੇ

-ਹਿੰਦੂਤਵੀ- ਮੰਨੂਵਾਦੀ ਫਿਰਕੂ-ਫਾਸ਼ੀਵਾਦੀਆਂ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਖਿਲਾਫ਼ ਲੋਕ ਸੰਗਰਾਮ ਛੇੜਨ ਦਾ ਕੀਤਾ ਗਿਆ ਐਲਾਨ

-ਮਾਫੀਆ ਗਰੋਹਾਂ ਤੇ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਪੰਜਾਬ ਦੀ ‘ਆਪ’ ਸਰਕਾਰ ਨੂੰ ਵੀ ਲਿਆ ਕਰੜੇ ਹੱਥੀਂ

ਦਲਜੀਤ ਕੌਰ, ਜਲੰਧਰ

‘ਦੇਸ਼ ਦੇ ਧਰਮ ਨਿਰਪੱਖ, ਜਮਹੂਰੀ ਤੇ ਫੈਡਰਲ ਢਾਂਚੇ ਨੂੰ ਤਬਾਹ ਕਰਕੇ ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਦਾ ਅਨੁਸਰਨ ਕਰਦੀ ਹੋਈ ਮੋਦੀ ਸਰਕਾਰ ਦੀ ਦੇਸ਼ ਅੰਦਰ ਇਕ ਧਰਮ ਅਧਾਰਤ (ਹਿੰਦੂਤਵੀ) ਰਾਜ ਸਥਾਪਤ ਕਰਨ ਦੀ ਹਰ ਚਾਲ ਨੂੰ ਅਸਫਲ ਕਰਨ ਲਈ ਪੰਜਾਬ ਦੇ ਜੁਝਾਰੂ ਲੋਕ ਪੂਰਾ ਤਾਣ ਲਾ ਦੇਣਗੇ।”

ਇਹ ਸ਼ਬਦ ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ’ਚ ਸ਼ਾਮਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਤੇ ਐਮ.ਸੀ.ਪੀ.ਆਈ.(ਯੂ.) ਵੱਲੋਂ ਆਯੋਜਿਤ ‘ਸੰਵਿਧਾਨ ਬਚਾਓ, ਦੇਸ਼ ਬਚਾਓ, ਪੰਜਾਬ ਬਚਾਓ ਮਹਾਂ ਰੈਲੀ’ ’ਚ ਜੁੜੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ’ਚ ਬੋਲਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਤੇ ਕਾਮਰੇਡ ਅਸ਼ੋਕ ਓਂਕਾਰ ਨੇ ਕਹੇ।

ਕਮਿਊਨਿਸਟ ਆਗੂਆਂ ਨੇ ਕਿਹਾ ਕਿ ‘ਮਹਾਂ ਰੈਲੀ’ ਪੰਜਾਬ ਅੰਦਰ ਇਕ ਲੋਕ ਪੱਖੀ ਰਾਜਸੀ ਮੁਤਬਾਦਲ ਉਸਾਰਨ ਲਈ ਮੀਲ ਪੱਥਰ ਦਾ ਕੰਮ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ‘ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ’ ਕਾਰਪੋਰੇਟੀ ਲੁੱਟ ਤੇ ਫਿਰਕੂ-ਫਾਸ਼ੀ ਸ਼ਕਤੀਆਂ ਖਿਲਾਫ਼ ਜਨ ਸਮੂਹਾਂ ਅੰਦਰ ਵਿਚਾਰਧਾਰਕ ਤੇ ਰਾਜਸੀ ਚੇਤਨਾ ਦਾ ਸੰਚਾਰ ਕਰਕੇ ਦੇਸ਼ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਵਿਰੁੱਧ ਵਿਸ਼ਾਲ ਜਨਤਕ ਲਾਮਬੰਦੀ ਕਰੇਗੀ।’’

ਪਾਸਲਾ ਅਤੇ ਅਸ਼ੋਕ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਸਾਮਰਾਜੀ ਲੁਟੇਰਿਆਂ ਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਵਾਲੀਆਂ ਅਤੇ ਮਿਹਨਤਕਸ਼ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕੁਪੋਸ਼ਨ ਦੀ ਦਲਦਲ ’ਚ ਸੁੱਟ ਰਹੀਆਂ ਆਰਥਿਕ ਨੀਤੀਆਂ ਦਾ ਟਾਕਰਾ ਕਰਨ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਜਨਤਕ ਸੰਘਰਸ਼ਾਂ ਦਾ ਨਵਾਂ ਇਤਿਹਾਸ ਲਿਖਣ ਜਾ ਰਹੀਆਂ ਹਨ।

ਬੇਜ਼ਮੀਨੇ ਲੋਕ ਦੋ ਡੰਗ ਦੀ ਰੋਟੀ ਤੋਂ ਅਵਾਜ਼ਾਰ ਹਨ, ਖੇਤੀਬਾੜੀ ਦੇ ਸੰਕਟ ਕਾਰਨ ਮਜ਼ਦੂਰ-ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੋਜਵਾਨ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਰਹੇ ਹਨ। ਅਜਿਹੇ ਨੌਜਵਾਨਾਂ ਨੂੰ ਅਮਰੀਕਾ ਦਾ ਟਰੰਪ ਪ੍ਰਸ਼ਾਸ਼ਨ, ਜਿਸ ਤਰ੍ਹਾਂ ਗੁਲਾਮਾਂ ਵਾਂਗ ਸੰਗਲਾਂ ’ਚ ਨੂੜ ਕੇ ਭਾਰਤ ਨੂੰ ਵਾਪਸ ਭੇਜ ਰਿਹਾ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਪ੍ਰੰਤੂ ਪ੍ਰਧਾਨ ਮੰਤਰੀ ਇਸ ਸਾਰੇ ਘਟਨਾਕ੍ਰਮ ਬਾਰੇ ਮੂਕ ਦਰਸ਼ਕ ਬਣਿਆ ਬੈਠਾ ਹੈ ਤੇ ਟਰੰਪ ਸਰਕਾਰ ਦੇ ਸੋਹਲੇ ਗਾਉਣ ’ਚ ਗਲਤਾਨ ਹੈ।’’

ਰੈਲੀ ’ਚ ਹਾਜਰ ਕਿਰਤੀ-ਕਿਸਾਨਾਂ ਤੇ ਮਿਹਨਤੀ ਲੋਕਾਂ ਵਲੋਂ ਪ੍ਰਵਾਨ ਕੀਤੇ ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਧੱਕੇ ਬੰਦ ਕਰਕੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇ, ਦਰਿਆਈ ਪਾਣੀਆਂ ਦੀ ਨਿਆਈਂ ਵੰਡ ਕੀਤੀ ਜਾਵੇ ਤੇ ਪੰਜਾਬੀ ਭਾਸ਼ਾ ਨੂੰ ਪੰਜਾਬ ਤੇ ਦੂਸਰੇ ਪ੍ਰਾਂਤਾਂ ਅੰਦਰ ਬਣਦਾ ਸਥਾਨ ਦਿੱਤਾ ਜਾਵੇ।

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਸਿਰਫ ਝੂਠਾ ਪ੍ਰਚਾਰ ਤੇ ਡਰਾਮੇਬਾਜ਼ੀ ਦਾ ਸਹਾਰਾ ਲੈਂਦੀ ਹੋਈ ਨਸ਼ਾ ਤਸਕਰਾਂ, ਖਨਣ ਮਾਫੀਆ ਤੇ ਸਮਾਜ ਵਿਰੋਧੀ ਤੱਤਾਂ ਦੀ ਪੁਸ਼ਤਪਨਾਹੀ ਕਰਕੇ ਭ੍ਰਿਸ਼ਟਾਚਾਰ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਪ੍ਰਾਂਤ ਅੰਦਰ ਕਾਨੂੰਨ ਪ੍ਰਬੰਧ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

ਲੁੱਟਾਂ, ਖੋਹਾਂ, ਕਤਲਾਂ, ਫਿਰੌਤੀਆਂ ਦਾ ਬੋਲਬਾਲਾ ਹੈ। ਕੇਂਦਰੀ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਆਰਥਿਕ ਨੀਤੀਆਂ, ਜਿਨ੍ਹਾਂ ਕਾਰਨ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਔਰਤਾ, ਨੌਜਵਾਨਾਂ ਤੇ ਹਰ ਵਰਗ ਦੇ ਲੋਕ ਪੀੜਤ ਹਨ, ਵਿਰੁੱਧ ਸਾਂਝੇ ਜਨਤਕ ਘੋਲ ਵਿੱਢਣ ਦਾ ਸੱਦਾ ਦਿੱਤਾ ਗਿਆ। ਇਸ ਰੈਲੀ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ ਤੇ ਮੰਗਤ ਰਾਮ ਲੌਂਗੋਵਾਲ ਨੇ ਕੀਤੀ।

ਸਰਵ ਸਾਥੀ ਪਰਗਟ ਸਿੰਘ ਜਾਮਾਰਾਏ, ਨੱਥਾ ਸਿੰਘ ਢਡਵਾਲ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ, ਡਾਕਟਰ ਸਤਨਾਮ ਸਿੰਘ ਅਜਨਾਲਾ, ਕਿਰਨਜੀਤ ਸੇਖੋਂ, ਕਾਮਰੇਡ ਸੁਰਿੰਦਰ ਜੈਪਾਲ ਤੋਂ ਬਿਨਾਂ ਭਰਾਤਰੀ ਪਾਰਟੀਆਂ ਦੇ ਸਾਥੀ ਜਗਰੂਪ ਸਿੰਘ (ਸੀ.ਪੀ.ਆਈ.), ਗੁਰਮੀਤ ਸਿੰਘ ਬਖਤਪੁਰ (ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਡਿਊਟੀ ਪ੍ਰੋ. ਜੈਪਾਲ ਸਿੰਘ ਨੇ ਨਿਭਾਈ। ਇਸ ਮਹਾਂ ਰੈਲੀ ਅੰਦਰ ਲਾਲ ਝੰਡੇ ਲੈ ਕੇ ਪੰਜਾਬ ਦੇ ਕੋਨੇ ਕੋਨੇ ਤੋਂ ਸ਼ਾਮਿਲ ਹੋਏ ਹਜ਼ਾਰਾਂ ਲੋਕ ਇਕ ਵੱਖਰਾ ਇਨਕਲਾਬੀ ਮਹੌਲ ਸਿਰਜ ਰਹੇ ਸਨ, ਜੋ ਪਿਛਲੇ ਕਈ ਸਾਲਾਂ ਤੋਂ ਗਾਇਬ ਹੋਇਆ ਜਾਪਦਾ ਸੀ।

ਇਸ ਮੌਕੇ ਐਲਾਨ ਕੀਤਾ ਗਿਆ ਕਿ ‘ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ’ ਵਲੋਂ ਅਗਲੇ ਮਹੀਨੇ ਤੋਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ‘ਚ ਜਥਾ ਮਾਰਚ ਕੀਤਾ ਜਾਵੇਗਾ ਜਿਸ ਰਾਹੀਂ ਲੋਕਾਂ ਅੰਦਰ ਰਾਜਨੀਤਕ-ਵਿਚਾਰਧਾਰਕ ਚੇਤਨਾ ਪੈਦਾ ਕਰਕੇ ਫਿਰਕੂ-ਫਾਸ਼ੀ ਸ਼ਕਤੀਆਂ ਤੇ ਕਾਰਪੋਰੇਟੀ ਲੁੱਟ-ਖਸੁੱਟ ਵਿਰੁੱਧ ਬਦਲਵਾਂ ਲੋਕ ਪੱਖੀ ਮੁਤਬਾਦਲ ਖੜ੍ਹਾ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ।

23 ਮਾਰਚ ਨੂੰ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦਾ ਸ਼ਹੀਦੀ ਦਿਵਸ, 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸਮਰਪਿਤ ਦਿਨ ਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ। ਇਹ ਵੀ ਐਲਾਨ ਕੀਤਾ ਗਿਆ ਕਿ ਜਲੰਧਰ ਦੀ ਤਰਜ਼ ’ਤੇ ਹਰ ਜ਼ਿਲ੍ਹੇ ਅੰਦਰ ਮੋਦੀ ਸਰਕਾਰ ਦੇਸ਼ ਦੇ ਫੈਡਰਲ ਢਾਂਚੇ ’ਤੇ ਕੀਤੇ ਜਾ ਰਹੇ ਹੱਲਿਆਂ ਵਿਰੁੱਧ ਜਨਤਕ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ।

 

Leave a Reply

Your email address will not be published. Required fields are marked *