ਨੌਕਰੀ ਤੋਂ ਬਰਖ਼ਾਸਤ ਰਾਜਵੀਰ ਦੇ ਹੱਕ ‘ਚ ਆਏ ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮ, ਕਿਹਾ – ਰਾਜਵੀਰ ਨੂੰ ਨੌਕਰੀ ਤੋਂ ਬਰਖਾਸਤ ਕਰਨਾ ਸਿੱਖਿਆ ਵਿਭਾਗ ਦਾ ਨਿੰਦਣਯੋਗ ਕਾਰਾ
ਕੱਚੇ ਅਤੇ ਪੱਕੇ ਮੁਲਾਜ਼ਮਾਂ ਪ੍ਰਤੀ ਵਿਭਾਗ ਤੇ ਸਰਕਾਰ ਦੀ ਪੱਖਪਾਤੀ ਨੀਤੀ ਜੱਗਜ਼ਾਹਿਰ
ਦਫਤਰੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਨੋਕਰੀ ਪੱਕੀ ਕਰਨ ਦੀ ਮੰਗ ਕਰਦੇ ਆ ਰਹੇ ਹਨ
ਜਥੇਬੰਦੀ ਸਰਕਾਰ ਤੇ ਵਿਭਾਗ ਦੇ ਪੱਖਪਾਤੀ ਰਵੱਈਏ ਵਿਰੁੱਧ ਵੱਡੇ ਪੱਧਰ ਤੇ ਸਘੰਰਸ਼ ਕਰੇਗੀ
ਭਰਤੀ ਸਿੱਖਿਆ ਵਿਭਾਗ ਸਕੰਡਰੀ ਨੇ ਕੀਤੀ ਤੇ ਗੜਬੜੀਆ ਵਿਚ ਜਾਣਬੁੱਝ ਕੇ ਦਫਤਰ ਵੱਲੋਂ ਦੋਸ਼ੀ ਰਾਜਵੀਰ ਐਮ.ਆਈ.ਐਸ ਨੂੰ ਬਣਾਇਆ ਗਿਆ
ਪੰਜਾਬ ਨੈੱਟਵਰਕ, ਮੋਹਾਲੀ
ਪਿਛਲੇ 18 ਸਾਲਾਂ ਤੋਂ ਤਨਦੇਹੀ ਨਾਲ ਸਿੱਖਿਆ ਵਿਭਾਗ ਦਾ ਕੰਮ ਕਰ ਰਹੇ ਅਤੇ ਸਿੱਖਿਆ ਵਿਭਾਗ ਦੇ ਕੰਮਾਂ ਨੂੰ ਹੀ ਆਨਲਾਈਨ ਸਿਖਰਾਂ ਤੇ ਲੈ ਕੇ ਜਾਣ ਵਾਲੇ ਰਾਜਵੀਰ ਸਿੰਘ ਡਿਪਟੀ ਮੈਨੇਜਰ ਉਪਰ ਬੇਬੁਨਿਆਦ ਦੋਸ਼ ਮੜ੍ਹ ਕੇ ਨੋਕਰੀ ਤੋਂ ਕੱਢ ਦਿੱਤਾ ਗਿਆ।ਰਾਜਵੀਰ ਦੀ ਐਨੇ ਸਾਲਾਂ ਦੀ ਦਿਨ ਰਾਤ ਕੀਤੀ ਮਿਹਨਤ ਦੀ ਬਦੋਲਤ ਸਿੱਖਿਆ ਵਿਭਾਗ ਵੱਲੋਂ ਬੱਚਿਆ, ਅਧਿਆਪਕਾਂ ਦਾ ਸਾਰਾ ਡਾਟਾ ਆਨਲਾਈਨ ਕੀਤਾ ਅਤੇ ਅਧਿਆਪਕਾਂ ਦੀਆ ਬਦਲੀਆ ਨੂੰ ਆਨਲਾਈਨ ਕਰਨ ਸਮੇਂ ਸੂਬਾ ਸਰਕਾਰ ਨੇ ਪੂਰੇ ਦੇਸ਼ ਵਿਚ ਵਾਹ ਵਾਹ ਵੀ ਖੱਟੀ ਅਤੇ ਅੱਜ ਉਸੇ ਰਾਜਵੀਰ ਨੂੰ ਕਿਸੇ ਹੋਰ ਪੱਕੇ ਮੁਲਾਜ਼ਮਾਂ ਦੀ ਗਲਤੀ ਦਾ ਦੋਸ਼ੀ ਬਣਾ ਕੇ ਨੋਕਰੀ ਤੋਂ ਕੱਢ ਦਿੱਤਾ ਗਿਆ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਰਜਿੰਦਰ ਸਿੰਘ ਪ੍ਰਵੀਨ ਸ਼ਰਮਾਂ ਜਗਮੋਹਨ ਸਿੰਘ ਨੇ ਕਿਹਾ ਕਿ ਜਿਸ ਭਰਤੀ ਵਿਚ ਗੜਬੜੀ ਦਾ ਦੋਸ਼ ਲਗਾ ਕੇ ਰਾਜਵੀਰ ਨੂੰ ਨੋਕਰੀ ਤੋਂ ਕੱਢਿਆ ਗਿਆ ਹੈ ਉਹ ਭਰਤੀ ਦੇ ਸਟੇਸ਼ਨ ਸਿੱਖਿਆ ਵਿਭਾਗ ਸਕੰਡਰੀ ਵੱਲੋਂ ਆਫਲਾਈਨ ਦਿੱਤੇ ਗਏ ਸਨ, ਜਦਕਿ ਇਸ ਤੋਂ ਪਹਿਲਾਂ ਹਰ ਇਕ ਭਰਤੀ ਦੇ ਸਟੇਸ਼ਨ ਆਨਲਾਈਨ ਪਾਰਦਰਸ਼ੀ ਤਰੀਕੇ ਨਾਲ ਦਿੱਤਾ ਜਾਦੇ ਸਨ।
ਆਗੂਆ ਨੇ ਦੋਸ਼ ਲਾਉਂਦਿਆ ਕਿਹਾ ਕਿ ਵਿਭਾਗ ਵੱਲੋਂ ਐਨਾ ਲੰਬਾ ਸਮਾਂ ਤਨਦੇਹੀ ਨਾਲ ਕੰਮ ਕਰਨ ਦੇ ਬਾਵਜੂਦ ਇਕ ਝਟਕੇ ਨਾਲ ਨੋਕਰੀ ਤੋਂ ਕੱਢਣਾ ਸਿੱਖਿਆ ਵਿਭਾਗ ਦਾ ਨਿੰਦਣਯੋਗ ਕਾਰਾ ਹੈ। ਆਗੂਆ ਨੇ ਕਿਹਾ ਕਿ ਵਿਭਾਗ ਨੇ ਇਥੇ ਵੀ ਕੱਚੇ ਮੁਲਾਜ਼ਮਾਂ ਨਾਲ ਪੱਖਪਾਤੀ ਰਵੱਈਆ ਅਪਣਾਇਆ ਹੈ ਅਤੇ ਸਾਰੀ ਗਾਜ਼ ਕੱਚੇ ਮੁਲਾਜ਼ਮ ਤੇ ਸੁੱਟ ਕੇ ਬਾਕੀ ਸਾਰੇ ਦੋਸ਼ੀਆ ਨੂੰ ਬਚਾ ਲਿਆ ਹੈ।
ਆਗੂਆ ਨੇ ਕਿਹਾ ਕਿ ਦਫਤਰੀ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀ ਨੋਕਰੀ ਪੱਕੀ ਕਰਵਾਉਣ ਲਈ ਸਘੰਰਸ਼ ਕਰਦੇ ਆ ਰਹੇ ਹਨ ਅਤੇ ਸਰਕਾਰ ਨੂੰ ਪੱਕੇ ਕਰਨ ਦੀ ਮੰਗ ਕਰ ਰਹੇ ਹਨ ਤਾਂ ਜੋ ਅਜਿਹੀ ਧੱਕੇਸ਼ਾਹੀ ਦਫਤਰੀ ਮੁਲਾਜ਼ਮਾਂ ਨਾਲ ਨਾ ਹੋ ਸਕੇ। ਆਗੁਆ ਨੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਦੀ ਇਸ ਧੱਕੇਸ਼ਾਹੀ ਵਿਰੁੱਧ ਦਫਤਰੀ ਕਰਮਚਾਰੀ ਵੱਡੇ ਪੱਧਰ ਤੇ ਸਘੰਰਸ਼ ਵਿੱਢਣਗੇ ਅਤੇ ਵਿਭਾਗ ਦਾ ਮੁਕੰਮਲ ਕੰਮ ਠੱਕ ਕਰਕੇ ਡੀ ਜੀ ਐਸ ਈ ਦਫਤਰ ਦਾ ਘਿਰਾਓ ਕਰਨਗੇ।