All Latest NewsNews FlashPunjab News

ਵੱਡੀ ਖ਼ਬਰ: ਆਦਰਸ਼ ਸਕੂਲ ਚਾਉਂਕੇ ਦੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ, ਜ਼ਬਰੀ ਚੁਕਵਾਇਆ ਧਰਨਾ- ਕਈ ਗ੍ਰਿਫਤਾਰ

 

ਪੰਜਾਬ ਨੈੱਟਵਰਕ, ਬਠਿੰਡਾ –

ਕਰੀਬ 70 ਦਿਨਾਂ ਤੋਂ ਆਦਰਸ਼ ਸਕੂਲ ਚਾਉਂਕੇ (ਬਠਿੰਡਾ) ਅੱਗੇ ਲੱਗਿਆ ਧਰਨਾ ਬੀਤੇ ਕੱਲ੍ਹ ਪੁਲਿਸ ਨੇ ਜ਼ਬਰੀ ਚੁੱਕਵਾ ਦਿੱਤਾ ਅਤੇ ਪੁਲਿਸ ਦੇ ਵਲੋਂ ਧਰਨਾਕਾਰੀਆਂ ਤੇ ਲਾਠੀਚਾਰਜ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਧਰਨੇ ਨੂੰ ਵੱਡੇ ਪੱਧਰ ਤੇ ਕਿਸਾਨਾਂ-ਮਜ਼ਦੂਰਾਂ ਦਾ ਵੀ ਸਮਰਥਨਾਂ ਮਿਲਿਆ ਸੀ ਅਤੇ ਕਰੀਬ ਸਵਾ ਦੋ ਮਹੀਨਿਆਂ ਤੋਂ ਅਧਿਆਪਕਾਂ ਤੇ ਹੋਰ ਲੋਕ ਧਰਲਾ ਲਾਈ ਬੈਠੇ ਸਨ, ਪਰ ਬੀਤੇ ਕੱਲ੍ਹ ਪੁਲਿਸ ਨੇ ਜ਼ਬਰੀ ਧਰਨਾ ਚੁਕਵਾਉਂਦੇ ਹੋਏ, ਧਰਨਾਕਾਰੀਆਂ ਤੇ ਲਾਠੀਚਾਰਜ ਕਰਕੇ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਜਾਣਕਾਰੀ ਅਨੁਸਾਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਦਿੱਤੇ ਇਸ ਧਰਨੇ ਵਿੱਚ ਧਰਨਾਕਾਰੀਆਂ ਵੱਲੋਂ ਬੱਚਿਆਂ ਨੂੰ ਕਿਤਾਬਾਂ ਨਾ ਦੇਣ, ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਵੱਖ-ਵੱਖ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਅੱਜ ਸ਼ਾਮ ਨੂੰ ਵੱਡੀ ਗਿਣਤੀ ਪੁਲਿਸ ਫੋਰਸ ਮੌਕੇ ਤੇ ਪੁੱਜੀ ਅਤੇ ਧਰਨਾ ਚੁਕਵਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਕੀਤੀ ਅਚਾਨਕ ਇਸ ਕਾਰਵਾਈ ਨਾਲ ਮੌਕੇ ਤੇ ਚੀਕ ਚਿਹਾੜਾ ਪੈ ਗਿਆ ਅਤੇ ਕੁਝ ਵੱਡੀ ਉਮਰ ਦੇ ਲੋਕ ਇਧਰ ਉਧਰ ਜਾਣ ਲੱਗੇ। ਇਸ ਮੌਕੇ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਧਰਨਾਕਾਰੀ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਸਕੂਲ ਪ੍ਰਬੰਧਕ ਅਧਿਆਪਕਾਂ ਅਤੇ ਬੱਚਿਆਂ ਨਾਲ ਧੱਕਾ ਕਰ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨਾਂ ਆਖਿਆ ਕਿ ਜਰੂਰਤ ਤਾਂ ਸੀ ਕਿ ਮਸਲਾ ਹੱਲ ਕੀਤਾ ਜਾਂਦਾ ਪਰ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨਾਲ ਧੱਕਾ ਕੀਤਾ ਅਤੇ ਡੰਡੇ ਚਲਾਏ ਹਨ। ਲੋਕਾਂ ਨੇ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਇੱਕ ਵਾਰ ਫਿਰ ਤੋਂ ਸੰਘਰਸ਼ ਸ਼ੁਰੂ ਕਰਨਗੇ।

ਦੂਜੇ ਪਾਸੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚੌਕੇ ਦੇ ਅਧਿਆਪਕਾਂ ਤੇ ਹੋਰ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਦੌਰਾਨ ਅੱਜ ਪੁਲਿਸ ਵੱਲੋਂ ਧੱਕੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੱਕ ਖੋਹਣ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਸਖਤ ਸ਼ਬਦਾਂ ਵਿੱਚੋਂ ਨਿਖੇਧੀ ਕੀਤੀ ‌ਉਹਨਾਂ ਕਿਹਾ ਕਿ ਅਧਿਆਪਕ ਤੇ ਹੋਰ ਸਟਾਫ ਆਪਣੇ ਪੂਰੇ ਹੱਕ ਲੈਣ ਲਈ ਦੀ ਮੰਗ ਨੂੰ ਲੈ ਕੇ ਮੈਨੇਜਮੈਂਟ ਖਿਲਾਫ ਸੰਘਰਸ਼ ਕਰ ਰਹੇ ਸਨ ਕਿਉਂਕਿ ਮੈਨੇਜਮੈਂਟ ਵੱਲੋਂ ਬੱਚਿਆਂ ਲਈ ਮੁਫਤ ਵਰਦੀਆਂ ਤੇ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ ਅਤੇ ਸਟਾਫ ਦਾ ਵੀ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਜਿਸ ਦੀ ਆਵਾਜ਼ ਬੁਲੰਦ ਕਰਨ ਤੇ ਅਧਿਆਪਕਾਂ ਨੂੰ ਟਰਮੀਨੇਟ ਕੀਤਾ ਗਿਆ।

ਉਹਨਾਂ ਕਿਹਾ ਕਿ ਉਸ ਤੋਂ ਬਾਅਦ ਹੋਰ ਕਰਮਚਾਰੀਆਂ ਵੱਲੋਂ ਸੰਘਰਸ਼ ਕਰਨ ਤੇ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਪੁਲਿਸ ਵੱਲੋਂ ਧਰਨੇ ਤੇ ਬੈਠੀਆਂ ਸਟਾਫ ਦੀਆਂ ਨੌਜਵਾਨ ਕੁੜੀਆਂ ਨੂੰ ਸਮੇਤ ਉਹਨਾਂ ਦੇ ਛੋਟੇ ਛੋਟੇ ਬੱਚਿਆਂ ਗਿਰਫਤਾਰ ਕਰਕੇ ਧਰਨਾ ਚਕਵਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲਾ ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਸਕੂਲ ਦੇ ਪੁਰਾਣੇ ਸਟਾਫ ਨੂੰ ਬਹਾਲ ਕੀਤਾ ਜਾਵੇ, ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਮੈਨੇਜਮੈਂਟ ਦੀਆਂ ਘਪਲੇਬਾਜ਼ੀਆਂ ਨੰਗੀਆਂ ਕਰਕੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਆਦਰਸ਼ ਸਕੂਲ ਚਾਉਕੇ ਵਿਖੇ ਧਰਨੇ ‘ਤੇ ਬੈਠੇ ਅਧਿਆਪਕਾਂ ਉਤੇ ਭਾਰੀ ਲਾਠੀਚਾਰਜ ਕਰਨ ਅਤੇ 20 ਔਰਤ ਕਰਮਚਾਰੀਆਂ ਸਮੇਤ ਤਿੰਨ ਦਰਜ਼ਨ ਦੇ ਕਰੀਬ ਅਧਿਆਪਕਾਂ ਤੇ ਕਿਸਾਨਾਂ ਨੂੰ ਗਿਰਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਪੁਲਿਸ ਦੀ ਕਾਰਵਾਈ ਨੂੰ ਗੈਰ ਜਮਹੂਰੀ ਕ਼ਰਾਰ ਦਿੰਦਿਆਂ ਗਿਰਫ਼ਤਾਰ ਅਧਿਆਪਕਾਂ ਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

 

Leave a Reply

Your email address will not be published. Required fields are marked *