ਸਿੱਖਿਆ ਵਿਭਾਗ ਨੇ ਵਾਪਸ ਲਿਆ 3704 ਅਧਿਆਪਕਾਂ ਬਾਰੇ ਆਪਣਾ ਫ਼ੈਸਲਾ!
ਚੰਡੀਗੜ੍ਹ
ਡੀਟੀਐੱਫ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਯਤਨਾਂ ਨੂੰ ਉਦੋਂ ਬੂਰ ਪਿਆ ਜਦੋਂ ਸਿੱਖਿਆ ਵਿਭਾਗ ਨੇ 3704 ਰੀ-ਕਾਸਟ ਚੋਣ ਸੂਚੀਆਂ ਵਾਲੇ ਅਧਿਆਪਕਾਂ ਦੀਆਂ ਸੇਵਾਵਾਂ ਸਮਾਪਤ ਕਰਨ ਵਾਲੇ ਨੋਟਿਸ ਵਾਪਸ ਲੈ ਲਏ।
ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਦੱਸਿਆ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ 3704 ਮਾਸਟਰ ਕਾਡਰ ਭਰਤੀ ਨਾਲ ਸਬੰਧਤ ਬਹੁਤ ਸਾਰੇ ਅਧਿਆਪਕਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਬਾਰੇ ਆਏ ਅਦਾਲਤੀ ਫੈਸਲੇ ਦੇ ਹਵਾਲੇ ਨਾਲ ਸੇਵਾ ਤੋਂ ਬਰਖ਼ਾਸਤਗੀ ਦੀ ਤਜਵੀਜ਼ ਜਾਰੀ ਕੀਤੀ ਗਈ ਸੀ।
ਡੀਟੀਐੱਫ ਨੇ ਸਿੱਖਿਆ ਵਿਭਾਗ ਦੇ ਇਸ ਕਦਮ ਨੂੰ ਗੈਰ-ਵਾਜਿਬ ਕਰਾਰ ਦਿੰਦਿਆਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਨੋਟਿਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ। ਸਿੱਖਿਆ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਦੌਰਾਨ ਉਨ੍ਹਾਂ ਨੇ ਅਧਿਆਪਕਾਂ ਨਾਲ ਕੋਈ ਬੇਇਨਸਾਫ਼ੀ ਨਾ ਕਰਨ ਅਤੇ ਸਭ ਨੂੰ ਐਡਜਸਟ ਕਰਨ ਦਾ ਭਰੋਸਾ ਵੀ ਦਿੱਤਾ ਸੀ।
ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਪੰਜਾਬ ਨੇ 3704 ਮਾਸਟਰ ਕਾਡਰ ਭਰਤੀ ਦੀਆਂ ਰਿਕਾਸਟ ਚੋਣ ਸੂਚੀਆਂ ਵਿੱਚੋਂ ਬਾਹਰ ਕੀਤੇ ਉਮੀਦਵਾਰਾਂ ਵਿੱਚੋਂ ਪੰਜਾਬੀ ਅਤੇ ਹਿੰਦੀ ਵਿਸ਼ੇ ਦੇ ਅਧਿਆਪਕਾਂ ਸਬੰਧੀ ਸੇਵਾਵਾਂ ਖ਼ਤਮ ਕਰਨ ਦੀ ਮਾਰੂ ਤਜਵੀਜ਼ ਵਾਪਸ ਲਈ ਹੈ। ਡੀਟੀਐੱਫ ਆਗੂਆਂ ਨੇ ਆਸ ਪ੍ਰਗਟਾਈ ਕਿ ਹੋਰ ਰੀ-ਕਾਸਟ ਹੋਣ ਵਾਲੀਆਂ ਲਿਸਟਾਂ ਵਿੱਚ ਵੀ ਅਧਿਆਪਕਾਂ ਨੂੰ ਰਾਹਤ ਦਿੱਤੀ ਜਾਵੇਗੀ।