ਪੰਜਾਬ ‘ਚ ਠੰਡ ਦੇ ਨਾਲ ਸੀਤ ਲਹਿਰ ਦਾ ਅਲਰਟ ਜਾਰੀ! ਪੜ੍ਹੋ ਮੌਸਮ ਵਿਭਾਗ ਦੀ ਚੇਤਾਵਨੀ
IMD Cyclonic Forecast: ਇੱਕ ਪਾਸੇ ਦੇਸ਼ ਹੱਡ-ਭੰਨਵੀਂ ਠੰਡ ਦੀ ਲਪੇਟ ਵਿੱਚ ਹੈ। ਦੂਜੇ ਪਾਸੇ ਤੇਜ਼ ਚੱਕਰਵਾਤੀ ਤੂਫ਼ਾਨ ਦਸਤਕ ਦੇ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਇੱਕ ਹਫ਼ਤੇ ਤੱਕ ਦੇਸ਼ ਭਰ ਵਿੱਚ ਸੀਤ ਲਹਿਰ, ਸੰਘਣੀ ਧੁੰਦ, ਬਰਫ਼ਬਾਰੀ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਠੰਡ ਵਧਣ ਦੇ ਕਈ ਕਾਰਨ ਹਨ। ਉਦਾਹਰਣ ਵਜੋਂ ਪੱਛਮੀ-ਉੱਤਰੀ ਭਾਰਤ ਵਿੱਚ 12.6 ਕਿਲੋਮੀਟਰ ਦੀ ਉਚਾਈ ‘ਤੇ 278 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੈ, ਜਿਸ ਕਾਰਨ ਬਰਫ ਪਿਘਲ ਰਹੀ ਹੈ ਅਤੇ ਉੱਤਰੀ ਭਾਰਤ-ਮੱਧ ਭਾਰਤ ਖੁਸ਼ਕ ਠੰਡ ਦੀ ਲਪੇਟ ‘ਚ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਗੰਗਾ ਪੱਛਮੀ ਬੰਗਾਲ, ਬਿਹਾਰ ਅਤੇ ਝਾਰਖੰਡ ਵਿੱਚ ਸੀਤ ਲਹਿਰ ਤੋਂ ਲੈ ਕੇ ਗੰਭੀਰ ਸੀਤ ਲਹਿਰ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਠੰਡ ਦੀ ਸੰਭਾਵਨਾ ਹੈ।
ਓਡੀਸ਼ਾ, ਪੂਰਬੀ ਉੱਤਰ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ 20 ਦਸੰਬਰ ਤੱਕ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਉੱਤਰਾਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਮੀਨੀ ਠੰਡ ਦੀ ਸੰਭਾਵਨਾ ਹੈ। ਦੱਖਣੀ ਭਾਰਤ ਦੇ ਰਾਜਾਂ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕ, ਪੁਡੂਚੇਰੀ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ-ਐੱਨ.ਸੀ.ਆਰ. ਰਾਜਧਾਨੀ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ 22.8 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ ਸੀ। ਰਾਜਧਾਨੀ ਵਿੱਚ 20 ਦਸੰਬਰ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ, ਪਰ ਸਵੇਰ ਅਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ।