SGPC ਪ੍ਰਧਾਨ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਪਹਿਲਾਂ ਕੱਢੀ ਗਾਲ੍ਹ, ਫਿਰ ਮੰਗੀ ਮਾਫ਼ੀ…! ਵੇਖੋ ਵੀਡੀਓ
ਚੰਡੀਗੜ੍ਹ–
ਬੀਬੀ ਜਗੀਰ ਕੌਰ ਨੂੰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਫ਼ੋਨ ਕਾਲ ਤੇ ਗਾਲ੍ਹ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਵਿਅਕਤੀ ਨਾਲ ਫ਼ੋਨ ਤੇ ਸੁਖਬੀਰ ਬਾਦਲ ਵਾਲੇ ਮਸਲੇ ਤੇ ਗੱਲਬਾਤ ਦੌਰਾਨ ਧਾਮੀ ਨੇ ਗੁੱਸੇ ਵਿੱਚ ਆ ਕੇ ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢ ਦਿੱਤੀ, ਜਿਸ ਤੋਂ ਬਾਅਦ ਉਕਤ ਆਡੀਓ ਵਾਇਰਲ ਹੋ ਗਈ।
ਆਡੀਓ ਵਾਇਰਲ ਹੋਣ ਮਗਰੋਂ ਧਾਮੀ ਦੀ ਜਿੱਥੇ ਦਬ ਕੇ ਆਲੋਚਨਾ ਹੋਈ, ਉਥੇ ਹੀ ਉਸਨੇ ਸ੍ਰੀ ਅਕਾਲ ਤਖ਼ਤ ਵਿਖੇ ਇਕ ਪੱਤਰ ਦੇ ਕੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸਮੁੱਚੀ ਔਰਤ ਸ਼੍ਰੇਣੀ ਕੋਲੋਂ ਮੁਆਫ਼ੀ ਮੰਗੀ ਹੈ।
ਬੀਬੀ ਜਗੀਰ ਕੌਰ ਬਾਰੇ ਬੋਲੇ ਗਏ ਅਪਸ਼ਬਦਾਂ ਦਾ ਮੈਨੂੰ ਅਫ਼ਸੋਸ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਖਿਮਾ ਜਾਚਨਾ ਪੱਤਰ। pic.twitter.com/nHceGr60Ky
— Harjinder Singh Dhami (@SGPCPresident) December 13, 2024
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਦਿੱਤੇ ਆਪਣੇ ਇਸ ਪੱਤਰ ਵਿਚ ਉਨ੍ਹਾਂ ਕਿਹਾ ਕਿ ਜਾਣੇ ਅਣਜਾਣੇ ਵਿਚ ਅਪਸ਼ਬਦ ਬੋਲੇ ਗਏ ਹਨ, ਜਿਸ ਦੀ ਉਹ ਖਿਮਾ ਯਾਚਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇਕ ਵਿਅਕਤੀ ਨਾਲ ਮੋਬਾਈਲ ਫੋਨ ਉੱਤੇ ਗੱਲ ਕਰਦਿਆਂ ਉਨ੍ਹਾਂ ਕੋਲੋਂ ਕੁਝ ਇਤਰਾਯੋਗ ਸ਼ਬਦਾਵਲੀ ਵਰਤੀ ਗਈ ਸੀ।
ਇਹ ਸਭ ਕੁਝ ਜਾਣੇ ਅਣਜਾਣੇ ਵਿਚ ਹੋਇਆ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਜੋ ਵੀ ਆਦੇਸ਼ ਹੋਵੇਗਾ, ਉਹ ਸਿਰ ਮੱਥੇ ਪ੍ਰਵਾਨ ਕਰਨਗੇ। ਪ੍ਰਧਾਨ ਨੇ ਪੱਤਰ ਅਕਾਲ ਤਖਤ ਦੇ ਸਕੱਤਰੇਤ ਵਿਖੇ ਮੈਨੇਜਰ ਜਸਪਾਲ ਸਿੰਘ ਨੂੰ ਸੌਂਪਿਆ ਹੈ।
ਉਨ੍ਹਾਂ ਇਸ ਸਬੰਧੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਖੁਲਾਸਾ ਕੀਤਾ ਕਿ ਇਕ ਵਿਅਕਤੀ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਬੀਬੀ ਜਗੀਰ ਕੌਰ ਦੇ ਹਵਾਲੇ ਨਾਲ ਕੋਈ ਗੱਲ ਕੀਤੀ ਤਾਂ ਉਹ ਉਤੇਜਿਤ ਹੋ ਗਏ ਸਨ ਅਤੇ ਉਨ੍ਹਾਂ ਕੋਲੋਂ ਕੁਝ ਅਪਸ਼ਬਦ ਵਰਤੇ ਗਏ ਹਨ।