ਟੀਚਰਾਂ ਦੀਆਂ ਰਿਕਾਸਟ ਸੂਚੀਆਂ ਅਤੇ ਬਾਕੀ ਵਿਭਾਗੀ ਮਸਲਿਆਂ ‘ਤੇ ਅਧਿਆਪਕ ਜਥੇਬੰਦੀਆਂ ਵੱਲੋਂ 31 ਮਾਰਚ ਨੂੰ ਬਰਨਾਲਾ ਵਿਖੇ ਹੋਵੇਗੀ ਸਾਂਝੀ ਮੀਟਿੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਬੀਤੀ ਦੇਰ ਰਾਤ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ, 6635 ਈਟੀਟੀ ਟੀਚਰ ਯੂਨੀਅਨ ਅਤੇ 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾਈ ਆਗੂਆਂ ਵੱਲੋਂ ਇੱਕ ਆਨ ਲਾਇਨ ਮੀਟਿੰਗ ਵਿਕਰਮ ਦੇਵ ਸਿੰਘ, ਦੀਪਕ ਕੰਬੋਜ਼ ਅਤੇ ਰਸ਼ਪਾਲ ਸਿੰਘ ਜਲਾਲਾਬਾਦ ਦੀ ਅਗਵਾਈ ਵਿੱਚ ਕੀਤੀ ਗਈ।
ਇਸ ਮੀਟਿੰਗ ਵਿੱਚ 3704 ਮਾਸਟਰ ਕਾਡਰ, 6635 ਈਟੀਟੀ ਅਤੇ 899 ਅੰਗਰੇਜ਼ੀ ਅਧਿਆਪਕਾਂ ਦੀਆਂ ਰਿਕਾਸਟ ਸਿਲੈਕਸ਼ਨ ਸੂਚੀਆਂ ਜਾਰੀ ਹੋਣ ਤੋਂ ਬਾਅਦ ਵੱਡੀ ਗਿਣਤੀ ਅਧਿਆਪਕਾਂ ‘ਤੇ ਲਟਕੀ ਛਾਂਟੀ ਦੀ ਤਲਵਾਰ ‘ਚੋਂ ਉਪਜੇ ਹਲਾਤਾਂ ‘ਤੇ ਖੁੱਲ ਕੇ ਚਰਚਾ ਕੀਤੀ ਗਈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਬਾਕੀ ਵਿਭਾਗੀ ਮਾਮਲਿਆਂ ਦਾ ਵੀ ਵਾਜਿਬ ਹੱਲ ਕੱਢਣ ਦੀ ਥਾਂ ਨਿੱਤ ਦਿਨ ਲਏ ਜਾ ਰਹੇ ਅਧਿਆਪਕ ਵਿਰੋਧੀ ਫੈਸਲਿਆਂ ਦਾ ਸਖ਼ਤ ਨੋਟਿਸ ਲਿਆ ਗਿਆ।
ਇਸ ਦੇ ਨਾਲ ਹੀ 3704 ਮਾਸਟਰ ਕਾਡਰ ਭਰਤੀ ਰਿਕਾਸਟ ਸਿਲੈਕਸ਼ਨ ਸੂਚੀਆਂ ਵਿੱਚੋਂ ਬਾਹਰ ਰਹਿ ਗਏ ਪੰਜਾਬੀ, ਸਮਾਜਿਕ ਅਤੇ ਹਿੰਦੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਪਹਿਲਾਂ ਸੇਵਾਵਾਂ ਬਰਖਾਸਤਗੀ ਦੇ ਨੋਟਿਸ ਜਾਰੀ ਕਰਨ ਤੋਂ ਬਾਅਦ ਬਿਨਾਂ ਸਪਸ਼ਟ ਕਾਰਨ ਵਾਪਿਸ ਲੈਣੇ ਅਤੇ ਦੇਰ ਸ਼ਾਮ ਨੂੰ ਗਣਿਤ, ਸਾਇੰਸ ਅਤੇ ਅੰਗਰੇਜ਼ੀ ਵਿਸ਼ਿਆਂ ਦੇ 114 ਅਧਿਆਪਕਾਂ ਨੂੰ ਹੜਵਾਹਟ ਵਿੱਚ ਸੇਵਾਵਾਂ ਬਰਖਾਸਤ ਕਰਨ ਦੇ ਨੋਟਿਸ ਦੇ ਕੇ 28 ਮਾਰਚ ਨੂੰ ਨਿੱਜੀ ਸੁਣਵਾਈ ਦੇਣ ਨੂੰ ਸਿੱਖਿਆ ਵਿਭਾਗ ਦਾ ਘੋਰ ਗੈਰ-ਜਿੰਮੇਵਾਰ ਅਤੇ ਘਟੀਆ ਫੈਸਲਾ ਕਰਾਰ ਦਿੰਦਿਆਂ ਸਖ਼ਤ ਨਿਖੇਧੀ ਕੀਤੀ ਗਈ।
ਮੀਟਿੰਗ ਵਿੱਚ ਸ਼ਾਮਿਲ ਆਗੂਆਂ ਵੱਲੋਂ ਸਰਵਸੰਮਤ ਫੈਸਲਾ ਕੀਤਾ ਗਿਆ ਕਿ ਰਿਕਾਸਟ ਸੂਚੀਆਂ ਸਮੇਤ ਬਾਕੀ ਵਿਭਾਗੀ ਮਸਲਿਆਂ ਦੇ ਹੱਲ ਲਈ ਇੱਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਮੁੜ ਸਪਸ਼ਟ ਕੀਤਾ ਕਿ ਜਥੇਬੰਦੀਆਂ ਅਦਾਲਤੀ ਫੈਸਲੇ ‘ਚੋ ਕਿਸੇ ਉਮੀਦਵਾਰ ਦੀ ਹੋ ਰਹੀਂ ਨਵੀਂ ਨਿਯੁਕਤੀ ਦੇ ਖਿਲਾਫ਼ ਨਹੀਂ ਹਨ, ਪ੍ਰੰਤੂ ਰਿਕਾਸਟ ਸੂਚੀਆਂ ਵਿੱਚੋਂ ਬਾਹਰ ਰਹਿ ਗਏ ਬੇਕਸੂਰ ਅਧਿਆਪਕਾਂ ਨੂੰ ਬਿਨਾਂ ਅਡਜਸਟ ਕੀਤੇ ਅਤੇ ਬਿਨਾਂ ਸੁਣਵਾਈ ਦਾ ਪੂਰਾ ਮੌਕਾ ਦਿੱਤੇ ਕੀਤੀ ਜਾ ਰਹੀ ਵਿਭਾਗੀ ਧੱਕੇਸ਼ਾਹੀ ਦਾ ਡੱਟਵਾਂ ਜਵਾਬ ਸੰਘਰਸ਼ ਰਾਹੀਂ ਦੇਣ ਲਈ ਮਜਬੂਰ ਹਨ।
ਇਸ ਸਭ ਦੌਰਾਨ ਫੈਸਲਾ ਕੀਤਾ ਗਿਆ ਕਿ ਰਿਕਾਸਟ ਸੂਚੀਆਂ ਤੇ ਬਾਕੀ ਵਿਭਾਗੀ ਮਸਲਿਆਂ ‘ਤੇ 31 ਮਾਰਚ ਨੂੰ ਤਰਕਸ਼ੀਲ ਹਾਲ ਬਰਨਾਲਾ ਵਿਖੇ ਫ਼ਿਜੀਕਲ ਮੀਟਿੰਗ ਕੀਤੀ ਜਾਵੇਗੀ ਅਤੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕੀ ਜਾਵੇਗੀ। ਆਗੂਆਂ ਨੇ 3704 ਮਾਸਟਰ ਕਾਡਰ, 899 ਅੰਗਰੇਜ਼ੀ ਅਧਿਆਪਕਾਂ ਸਮੇਤ ਹੋਰਨਾਂ ਪੀੜਤ ਹਿੱਸਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਮੀਟਿੰਗ ਦਾ ਹਿੱਸਾ ਬਣਨ ਅਤੇ ਸਿੱਖਿਆ ਵਿਭਾਗ ਦੇ ਮਾਰੂ ਫੈਸਲਿਆਂ ਦੇ ਵਿਰੁੱਧ ਤੇ ਅਧਿਆਪਕ ਮੰਗਾਂ ਦੇ ਹੱਲ ਲਈ ਇੱਕਜੁਟ ਹੋ ਕੇ ਸੰਘਰਸ਼ ਉਲੀਕਣ ਦੀ ਵੀ ਅਪੀਲ ਕੀਤੀ।
ਮੀਟਿੰਗ ਵਿੱਚ ਡੀ ਟੀ ਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ , ਈ ਟੀ ਟੀ 6635 ਦੇ ਆਗੂ ਦੀਪਕ ਕੰਬੋਜ, ਸ਼ਲਿੰਦਰ ਕੰਬੋਜ ਅਤੇ ਨਿਰਮਲ ਸਿੰਘ ਜ਼ੀਰਾ, 4161 ਮਾਸਟਰ ਕਾਡਰ ਤੋਂ ਬਲਕਾਰ ਸਿੰਘ ਮੰਘਾਣੀਆ, ਜਸਵਿੰਦਰ ਸਿੰਘ ਏਤੀਆਣਾ ਅਤੇ ਲਵਨੀਸ਼ ਢੀਂਗੀ ਆਦਿ ਸ਼ਾਮਿਲ ਰਹੇ।