ਪੰਜਾਬ ਦੇ ਨਿੱਜੀ ਸਕੂਲਾਂ ਨੂੰ ਸਖ਼ਤ ਹੁਕਮ! ਫ਼ੀਸਾਂ-ਕਿਤਾਬਾਂ ਅਤੇ ਵਰਦੀ ਸਬੰਧੀ ਨਿਯਮਾਂ ਦੀ ਕਰੋ ਪਾਲਣਾ, ਨਹੀਂ ਤਾਂ…..!
ਪੰਜਾਬ ਨੈੱਟਵਰਕ, ਅੰਮ੍ਰਿਤਸਰ :
ਪੰਜਾਬ ਸਰਕਾਰ ਨੇ ਸਮੂਹ ਨਿੱਜੀ ਸਕੂਲਾਂ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਫ਼ੀਸਾਂ, ਕਿਤਾਬਾਂ ਅਤੇ ਵਰਦੀ ਸਬੰਧੀ ਬਣੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਨਹੀਂ ਤਾਂ ਸਕੂਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸੇ ਦੇ ਤਹਿਤ ਸਕੂਲਾਂ ਵਿੱਚ ਚੱਲ ਰਹੇ ਦਾਖਲੇ ਤੇ ਨਵੇਂ ਸੈਸ਼ਨ ਮੌਕੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਕਿਤਾਬਾਂ ਅਤੇ ਯੂਨੀਫਾਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ DC ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਹਿਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਜਿਲ੍ਹੇ ਦੇ ਸਕੂਲ ਪੰਜਾਬ ਸਰਕਾਰ ਵੱਲੋਂ ਫੀਸਾਂ, ਕਿਤਾਬਾਂ ਤੇ ਯੂਨੀਫਾਰਮ ਦੇ ਮੁੱਦੇ ਉੱਤੇ ਜਾਰੀ ਕੀਤੀ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ।
ਆਪਣੇ ਪੱਤਰ ’ਚ ਉਨ੍ਹਾਂ ਨੇ ਲਿਖਿਆ ਕਿ ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਸਬੰਧੀ ਪੰਜਾਬ ਫੀਸ ਰੈਗੂਲੇਸ਼ਨ ਐਕਟ ਬਣਾਇਆ ਹੈ ਅਤੇ ਦਾਖਲੇ ਦੇ ਇਨ੍ਹਾਂ ਦਿਨਾਂ ਵਿਚ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਸਕੂਲ ਆਪਣੀ ਵੈੱਬਸਾਈਟ ਉੱਤੇ ਫੀਸਾਂ ਦਾ ਵਿਸਥਾਰ ਜ਼ਰੂਰ ਲੋਕਾਂ ਦੀ ਸਹੂਲਤ ਲਈ ਪਾਵੇ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਕੱਲ ਬੱਚਿਆਂ ਵੱਲੋਂ ਖਰੀਦੀਆਂ ਜਾ ਰਹੀਆਂ ਸਕੂਲਾਂ ਦੀਆਂ ਕਿਤਾਬਾਂ ਅਤੇ ਯੂਨੀਫਾਰਮ ਲਈ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਹੂਲਤ ਲਈ ਕਿਤਾਬਾਂ ਅਤੇ ਯੂਨੀਫਾਰਮ ਸਕੂਲ ਆਪਣੇ ਡਿਸਪਲੇ ਬੋਰਡ ਤੇ ਵੈੱਬਸਾਈਟ ਉੱਤੇ ਦੇਵੇ ਨਾ ਕਿ ਬੱਚਿਆਂ ਨੂੰ ਨਿਸ਼ਚਿਤ ਦੁਕਾਨਾਂ ਤੋਂ ਕਿਤਾਬਾਂ ਤੇ ਯੂਨੀਫਾਰਮ ਲੈਣ ਲਈ ਮਜਬੂਰ ਕੀਤਾ ਜਾਵੇ।
ਉਨ੍ਹਾਂ ਇਹ ਵੀ ਲਿਿਖਆ ਕਿ ਇਸ ਤੋਂ ਇਲਾਵਾ ਸਾਰੇ ਨਿੱਜੀ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ ਸੁਖਪਾਲ ਸਿੰਘ 8054051154 ਅਤੇ ਧਰਮਿੰਦਰ ਸਿੰਘ ਦੇ ਸੰਪਰਕ ਨੰਬਰ 9888887666 ਆਪਣੇ ਸਕੂਲ ਦੀ ਵੈੱਬਸਾਈਟ ਅਤੇ ਡਿਸਪਲੇ ਬੋਰਡ ਉੱਤੇ ਜਰੂਰ ਪਬਲਿਸ਼ ਕਰਨ ਤਾਂ ਜੋ ਜੇਕਰ ਕਿਸੇ ਬੱਚੇ ਜਾਂ ਉਸ ਦੇ ਮਾਤਾ ਪਿਤਾ ਨੂੰ ਉਕਤ ਵਿਸ਼ਿਆਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਤੁਰੰਤ ਉਕਤ ਨੋਡਲ ਅਧਿਕਾਰੀਆਂ ਦੇ ਜਾਣਕਾਰੀ ਵਿੱਚ ਲਿਆ ਸਕੇ।