ਪੰਜਾਬ ‘ਚ ਵਿਆਹੁਤਾ ਔਰਤ ਨੇ ਕੀਤੀ ਖੁਦਕੁਸ਼ੀ
ਗੁਰਦਾਸਪੁਰ
ਗੁਰਦਾਸਪੁਰ ਦੇ ਪਿੰਡ ਅਮੀਪੁਰ ਵਿੱਚ ਇੱਕ ਵਿਆਹੁਤਾ ਔਰਤ ਦੇ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾ ਦੀ ਪਛਾਣ ਕੋਮਲ ਪਤਨੀ ਸੰਦੀਪ ਵਜੋਂ ਹੋਈ ਹੈ। ਇਸ ਸਬੰਧੀ ਵਿਚ ਪੁਲਿਸ ਥਾਣਾ ਸਿਟੀ ਗੁਰਦਾਸਪੁਰ ਵਲੋਂ ਵਿਆਹੁਤਾ ਦੀ ਸੱਸ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ, ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਹਿਜ਼ਾਦਾ ਨੰਗਲ ਦੀ ਰਹਿਣ ਵਾਲੀ ਕਮਲੇਸ਼ ਪਤਨੀ ਸ਼ੀਦਾ ਨੇ ਦੱਸਿਆ ਕਿ ਉਸਦੀ ਧੀ ਕੋਮਲ ਦਾ ਵਿਆਹ ਅਮੀਪੁਰ ਦੇ ਰਹਿਣ ਵਾਲੇ ਸੰਦੀਪ ਨਾਲ ਹੋਇਆ ਸੀ। ਉਸਦੇ ਪੁੱਤਰ ਲੱਭਾ ਨੂੰ ਫ਼ੋਨ ਆਇਆ ਕਿ ਕੋਮਲ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਹੈ।
ਇਸ ਤੇ ਜਦੋਂ ਉਹ ਆਪਣੇ ਪੁੱਤਰ ਨਾਲ ਆਪਣੀ ਧੀ ਦੇ ਸਹੁਰੇ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਕੋਮਲ ਦਰਦ ਨਾਲ ਕਰਲਾਹ ਰਹੀ ਸੀ। ਉਸਦੀ ਧੀ ਨੇ ਦੱਸਿਆ ਕਿ ਉਸਦਾ ਸਹੁਰਾ ਕਰਮਾ ਸ਼ਾਹ ਅਤੇ ਸੱਸ ਮਨਜੀਤ ਉਸਨੂੰ ਤੰਗ-ਪਰੇਸ਼ਾਨ ਕਰਦੇ ਸਨ।
ਉਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਸਨੇ ਘਰ ਵਿੱਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਉਹ ਤੁਰੰਤ ਆਪਣੀ ਧੀ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਮ੍ਰਿਤਕ ਕੋਮਲ ਦੇ ਪਤੀ ਸੰਦੀਪ ਨੇ ਦੱਸਿਆ ਕਿ ਉਸਦੇ ਮਾਤਾ-ਪਿਤਾ ਅਕਸਰ ਉਸਦੀ ਪਤਨੀ ਨਾਲ ਝਗੜਾ ਕਰਦੇ ਰਹਿੰਦੇ ਸਨ। ਉਹ ਉਨ੍ਹਾਂ ਤੇ ਵੱਖਰੇ ਰਹਿਣ ਲਈ ਦਬਾਅ ਪਾਉਂਦੇ ਸਨ। ਉਸਦੇ ਮਾਪਿਆਂ ਨੇ ਕਿਹਾ ਕਿ ਉਹ ਵੱਖਰੇ ਪਲਾਟ ਵਿੱਚ ਘਰ ਬਣਾ ਲੈਣ। ਇਸ ਕਾਰਨ ਉਸਦੀ ਪਤਨੀ ਬਹੁਤ ਪਰੇਸ਼ਾਨ ਰਹਿੰਦੀ ਸੀ। ਉਸਨੇ ਦੱਸਿਆ ਕਿ ਇਹ ਲੜਾਈ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ।
ਉਨ੍ਹਾਂ ਨੇ ਕਈ ਵਾਰ ਇਕੱਠੇ ਬੈਠ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਉਸਨੇ ਦੱਸਿਆ ਕਿ ਉਹ ਸ਼ਨਿੱਚਰਵਾਰ ਨੂੰ ਕੰਮ ਤੇ ਗਿਆ ਸੀ ਅਤੇ ਇਸ ਦੌਰਾਨ ਉਸਦੀ ਪਤਨੀ ਸ਼ਹਿਰ ਚਲੀ ਗਈ। ਉੱਥੋਂ ਵਾਪਸ ਆਉਣ ਤੋਂ ਬਾਅਦ ਉਸਨੇ ਘਰ ਵਿੱਚ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ।
ਮ੍ਰਿਤਕ ਦੇ ਭਰਾ ਲੱਭਾ ਨੇ ਦੱਸਿਆ ਕਿ ਉਸਦੀ ਭੈਣ ਕੋਮਲ ਦਾ ਵਿਆਹ 12 ਸਾਲ ਪਹਿਲਾਂ ਸੰਦੀਪ ਨਾਲ ਹੋਇਆ ਸੀ। ਭੈਣ ਦੇ ਸਹੁਰੇ ਉਸਨੂੰ ਬਹੁਤ ਤੰਗ ਕਰਦੇ ਸਨ। ਇਸ ਦੌਰਾਨ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।