Punjab News: ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾਮੁੱਕੀ! ਪੰਜਾਬ ਸਰਕਾਰ ਵੱਲੋਂ ਮੀਟਿੰਗ ਕਰਵਾਉਣ ਦੇ ਲਾਰੇ… ਪਰ ਉਮਰ ਟਪਾ ਰਹੇ ਬੇਰੁਜ਼ਗਾਰ ਵਿਚਾਰੇ
ਪੰਜਾਬ ਨੈੱਟਵਰਕ, ਪਟਿਆਲਾ :
ਸਿਹਤ ਵਿਭਾਗ ’ਚ ਐਲਾਨੀਆਂ ਹੋਈਆਂ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਦਾ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੂੰ ਮੁੜ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾਮੁੱਕੀ ਹੋ ਗਈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ’ਚ ਬੇਰੁਜ਼ਗਾਰਾਂ ਨੇ ਸਥਾਨਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਪਾਸੀ ਰੋਡ ਵਾਲੀ ਪਾਰਕ ਤੋ ਜਿਵੇਂ ਹੀ ਰੋਸ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਵੱਲੋ ਸਖ਼ਤ ਪੁਲਿਸ ਰੋਕਾਂ ਲਗਾ ਕੇ ਵੱਡੀ ਗਿਣਤੀ ’ਚ ਮਹਿਲਾ ਪੁਲਿਸ ਕਰਮੀਆਂ ਸਮੇਤ ਮੁਲਾਜ਼ਮ ਤਾਇਨਾਤ ਕਰ ਦਿੱਤੇ। ਬੇਰੁਜ਼ਗਾਰਾਂ ਨੇ ਪੁਲਿਸ ਰੋਕਾਂ ਟੱਪ ਕੇ ਸਿਹਤ ਮੰਤਰੀ ਦੀ ਕੋਠੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾਮੁੱਕੀ ਹੋਈ।
ਆਖਰ ਤਹਿਸੀਲਦਾਰ ਹਮੀਰ ਸਿੰਘ ਨੇ ਮੰਗ ਪੱਤਰ ਹਾਸਲ ਕਰ ਕੇ ਬੇਰੁਜ਼ਗਾਰਾਂ ਦੀ 4 ਅਪ੍ਰੈਲ ਨੂੰ ਪ੍ਰਮੁੱਖ ਸਕੱਤਰ ਸਿਹਤ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਪੱਤਰ ਜਾਰੀ ਕਰਵਾਇਆ। ਇਸ ਉਪਰੰਤ ਬੇਰੁਜ਼ਗਾਰਾਂ ਨੇ ਧਰਨਾ ਸਮਾਪਤ ਕੀਤਾ।
ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਅਨੇਕਾਂ ਵਾਰ ਸਥਾਨਕ ਪ੍ਰਸ਼ਾਸਨ ਨੇ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਲਾਰੇ ਲਗਾਏ ਹਨ।ਉਨ੍ਹਾਂ ਕਿਹਾ ਕਿ ਜੇਕਰ 4 ਅਪ੍ਰੈਲ ਦੀ ਮੀਟਿੰਗ ਵਿੱਚ ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਦੇ ਕੇ ਓਵਰਏਜ਼ ਹੋ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਇੱਕ ਮੌਕਾ ਨਾ ਦਿੱਤਾ ਤਾਂ ਮੁੜ ਸਿਹਤ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਕਰਮਜੀਤ ਬਰਨਾਲਾ,ਕਰਮਜੀਤ ਸ਼ਰਮਾ ਭੈਣੀ,ਇੰਦਰਜੀਤ ਬੱਲੋ,ਲਖਵੀਰ ਮੌੜ,ਸੁਖਪਾਲ ਬੁਰਜ ਹਰੀ, ਰੁਪਿੰਦਰ ਸੁਨਾਮ,ਜਸਵੀਰ ਖੰਨਾ,ਕੁਲਦੀਪ ਪੁੰਨਾ ਵਾਲ,ਕੁਲਵਿੰਦਰ ਗਿੱਲ,ਧਰਮਿੰਦਰ ਮੁਕਤਸਰ,ਜੋਗਿੰਦਰ ਕਿਲੀ,ਗੁਰਪ੍ਰੀਤ ਭੁੱਚੋ,ਪਰਮਜੀਤ ਮਾਨਸਾ,ਸੁਖਰਾਜ ਦੋਦਾ,ਗੁਰਲਾਲ ਮੌੜ,ਮੱਖਣ ਸਿੰਘ ਤੋਗਵਾਲ,ਬਲਰਾਜ ਕਾਉਣੀ,ਜਗਜੀਤ ਕਾਉਣੀ,ਕੁਲਵਿੰਦਰ ਕੁਰਾਲੀ,ਅਸ਼ੀਸ਼ ਬਜਾਜ,ਚਮਕੌਰ ਸਿੰਘ ਅਤੇ ਜਸਵੀਰ ਸਿੰਘ ਖੰਨਾ,ਰਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਆਦਿ ਹਾਜ਼ਰ ਸਨ।