ਕਮਿਊਨਿਸਟ ਪਾਰਟੀਆਂ ਸਾਮਰਾਜਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਇੱਕ ਮੰਚ ਤੇ ਇਕੱਠੀਆਂ ਹੋਣ: ਕਾਮਰੇਡ ਬੰਤ ਬਰਾੜ
ਸੀ.ਪੀ.ਆਈ. ਦੀ ਜ਼ਿਲ੍ਹਾ ਜਨਰਲ ਬਾਡੀ ਦੀ ਮੀਟਿੰਗ ਵਿੱਚ ਪਾਰਟੀ ਮਹਾਂ ਸੰਮੇਲਨ ਦੀ ਕਾਮਯਾਬੀ ਲਈ ਲਏ ਅਹਿਮ ਫੈਸਲੇ
ਪਰਮਜੀਤ ਢਾਬਾਂ , ਫਾਜ਼ਿਲਕਾ
ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੀ ਜ਼ਿਲ੍ਹਾ ਜਨਰਲ ਬਾਡੀ ਦੀ ਇੱਕ ਅਹਿਮ ਮੀਟਿੰਗ ਸਥਾਨਕ ਕਾਮਰੇਡ ਵਧਾਵਾ ਰਾਮ ਯਾਦਗਾਰੀ ਭਵਨ ਵਿਖੇ ਪਾਰਟੀ ਦੇ ਜਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਵਿਸ਼ੇਸ਼ ਤੌਰ ਹਾਜ਼ਰ ਹੋਏ।
ਇਸ ਮੌਕੇ ਵੱਖ-ਵੱਖ ਬਲਾਕਾਂ ਵਿੱਚੋਂ ਆਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਾਥੀ ਬਰਾੜ ਨੇ ਕਿਹਾ ਕਿ ਮੌਜੂਦਾ ਸਮੇਂ ਚ ਕਿਰਤ ਦੀ ਲੁੱਟ ਕਰਕੇ ਜਿੱਥੇ ਦੁਨੀਆਂ ਦਾ ਸਰਮਾਇਆ ਮੁੱਠੀ ਭਰ ਵਿਅਕਤੀਆਂ ਦੇ ਹੱਥਾਂ ਵਿੱਚ ਇਕੱਠਾ ਹੋ ਰਿਹਾ ਹੈ ਅਤੇ ਇਸੇ ਹੀ ਤਹਿਤ ਭਾਰਤ ਦੇਸ਼ ਵਿੱਚ ਕਿਰਤੀਆਂ ਦੀ ਹੋ ਰਹੀ ਲੁੱਟ ਨਾਲ 300 ਦੇ ਕਰੀਬ ਪੂੰਜੀਪਤੀ ਹੋਰ ਵੱਧ ਅਮੀਰ ਹੋ ਗਏ ਹਨ ਅਤੇ ਦੇਸ਼ ਦਾ ਆਮ ਅਤੇ ਮਾਧਵਰਗ ਲਗਾਤਾਰ ਆਰਥਿਕ ਤੌਰ ਤੇ ਪਛੜਿਆ ਜਾ ਰਿਹਾ ਹੈ।
ਕਾਮਰੇਡ ਬਰਾੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਦੀ ਸਰਕਾਰ ਨੇ 16 ਲੱਖ ਕਰੋੜ ਰੁਪਏ ਦਾ ਅੰਬਾਨੀਆਂ, ਅਡਾਨੀਆਂ ਅਤੇ ਹੋਰ ਦੇਸ਼ ਦੇ ਅਮੀਰਾਂ ਦਾ ਕਰਜ਼ਾ ਬਿਨਾਂ ਵਜ੍ਹਾ ਮਾਫ ਕਰ ਦਿੱਤਾ ਹੈ,ਜਦੋਂ ਕਿ ਦੇਸ਼ ਦੇ ਕਿਸਾਨਾਂ, ਬੇਰੁਜ਼ਗਾਰਾਂ, ਮਜ਼ਦੂਰਾਂ ਅਤੇ ਵਪਾਰੀਆਂ ਸਿਰ ਚੜੇ ਕਰਜੇ ਬਾਰੇ ਕਦੇ ਸੋਚਿਆ ਤੱਕ ਨਹੀਂ।
ਉਹਨਾਂ ਕਿਹਾ ਕਿ ਵਿੱਤੀ ਸਰਮਾਏ ਤੇ ਇਸ਼ਾਰਿਆਂ ਤੇ ਦੁਨੀਆਂ ਭਰ ਦੀਆਂ ਸਰਮਾਏਦਾਰ ਸਰਕਾਰਾਂ ਬਣ ਰਹੀਆਂ ਹਨ ਜਿਸ ਕਾਰਨ ਲੋਕ ਵਿਰੋਧੀ ਕਾਨੂੰਨ ਬਣ ਰਹੇ ਹਨ। ਲੋਕ ਪੱਖੀ ਨੀਤੀਆਂ ਅਤੇ ਕਾਨੂੰਨ ਬਣਵਾਉਣ ਲਈ ਦੇਸ਼ ਭਰ ਦੇ ਕਮਨਿਸਟਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਵੇਗਾ। ਕਾਮਰੇਡ ਬਰਾੜ ਨੇ ਪੰਜਾਬ ਅਤੇ ਦੇਸ਼ ਦੇ ਸਮੂਹ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਵਿੱਤੀ ਸਰਮਾਏ ਦਾ ਟਾਕਰਾ ਕਰਨ ਲਈ ਇੱਕ ਜਟਫੋਨ ਤਾਂ ਕਿ ਉਹ ਆਪਣੇ ਦੇਸ਼ ਦੇ ਆਮ ਲੋਕਾਂ ਦੀ ਰਾਖੀ ਲਈ ਸਮਾਜਵਾਦ ਦੀ ਸਥਾਪਨਾ ਕਰ ਸਕਣ।
ਉਹਨਾਂ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਯੁੱਧ ਨਸ਼ਿਆਂ ਵਿਰੁੱਧ ਛੇੜ ਕੇ ਭੱਲ ਖੱਟ ਰਿਹਾ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਸੱਤਾ ਦੀ ਸਰਪ੍ਰਸਤੀ ਅਤੇ ਵੱਡੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਿਲਾ ਭੁਗਤ ਨਾਲ ਕਿਸੇ ਤਰ੍ਹਾਂ ਦਾ ਵੀ ਨਸ਼ਾ ਦਾ ਵਪਾਰ ਨਹੀਂ ਚੱਲ ਸਕਦਾ।
ਇਸ ਮੌਕੇ ਸੰਬੋਧਨ ਕਰਦਿਆਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਪਾਰਟੀ ਮਹਾਂ ਸੰਮੇਲਨ ਨੂੰ ਕਾਮਯਾਬ ਕਰਨ ਲਈ ਜਿਲ੍ਹਾ ਫਾਜ਼ਿਲਕਾ ਦੇ ਪਾਰਟੀ ਵਰਕਰਾਂ ਅਤੇ ਹਮਦਰਦਾਂ ਤੇ ਇੱਕ ਵੱਡੀ ਜਿੰਮੇਵਾਰੀ ਹੈ। ਜਿਸ ਨੂੰ ਨਿਭਾਉਣ ਲਈ ਉਹ ਹਰ ਤਰ੍ਹਾਂ ਦੀ ਸਖਤ ਮਿਹਨਤ ਕਰਨ।
ਨਾਲ ਗੱਲ ਕਰ ਉਹਨਾਂ ਪਾਰਟੀ ਦੇ ਸੂਬਾ ਸਕੱਤਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਮਹਾਂ ਸੰਮੇਲਨ ਦੀ ਕਾਮਯਾਬੀ ਲਈ ਹਰ ਤਰ੍ਹਾਂ ਦੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਭਾਰਤੀ ਖੇਤ ਮਜ਼ਦੂਰ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਰਿਸ਼ੀਪਾਲ ਖੁੰਬਣ, ਬਲਾਕ ਅਰਨੀ ਵਾਲਾ ਦੇ ਸਕੱਤਰ ਸਰਬਜੀਤ ਬੰਨ ਵਾਲਾ, ਬਲਾਕ ਖੂਹੀਆਂ ਸਰਵਰ ਦੇ ਸਕੱਤਰ ਕਾਮਰੇਡ ਵਜ਼ੀਰ ਚੰਦ ਸੱਪਾਂ ਵਾਲੀ, ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਸੁਮਿੱਤਰਾ ਫਾਜ਼ਿਲਕਾ, ਸਟੂਡੈਂਟਸ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਰਮਨ ਧਰਮੂ ਵਾਲਾ,ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜਭੈਣੀ, ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀ ਵਾਲਾ, ਜ਼ਿਲ੍ਹਾ ਆਗੂ ਕੁਲਦੀਪ ਬੱਖੂ ਸ਼ਾਹ, ਨਰਿੰਦਰ ਢਾਬਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਧਰਮੂ ਵਾਲਾ ਅਤੇ ਜੰਮੂ ਰਾਮ ਬੰਨਵਾਲਾ ਨੇ ਵੀ ਸੰਬੋਧਨ ਕੀਤਾ।