Weather Update: ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਸ ਵਾਰ ਮੀਂਹ…!
ਚੰਡੀਗੜ੍ਹ
ਇਸ ਵਾਰ ਮਾਰਚ ਮਹੀਨੇ ਅੰਦਰ ਸੂਬਾ ਪੰਜਾਬ ਵਿੱਚ ਬਾਰਿਸ਼ ਘੱਟ ਹੋਈ ਹੈ, ਜਿਸ ਦੇ ਕਾਰਨ ਮੌਸਮ ਵਿਭਾਗ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਅਪ੍ਰੈਲ ਤੋਂ ਲੈ ਕੇ ਜੂਨ ਜੁਲਾਈ ਤੱਕ ਸੂਬੇ ਦੇ ਵਿੱਚ ਗ਼ਰਮੀ ਪਿਛਲੇ ਸਾਲਾਂ ਨਾਲੋਂ ਜਿਆਦਾ ਪੈਣ ਦੀ ਸੰਭਾਵਨਾ ਹੈ।
ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ, ਪੰਜਾਬ ਦੇ ਕਿਸੇ ਵੀ ਜਿਲੇ ਵਿਚ ਆਮ ਵਰਖਾ ਨਹੀਂ ਹੋਈ। ਫਰੀਦਕੋਟ, ਫਾਜਿਲਕਾ, ਮੁਕਤਸਰ ਅਤੇ ਕਪੂਰਥਲਾ ਵਿਚ 92 ਤੋਂ 97 ਫੀਸਦ ਘੱਟ ਵਰਖਾ ਹੋਈ। ਜਲੰਧਰ ਵਿਚ 77 ਫੀਸਦ, ਲੁਧਿਆਣਾ ਵਿਚ 73, ਅਤੇ ਅੰਮ੍ਰਿਤਸਰ ਵਿਚ 69 ਫੀਸਦ ਘੱਟ ਵਰਖਾ ਦਰਜ ਕੀਤੀ ਗਈ।
ਮੀਡੀਆ ਰਿਪੋਰਟਾਂ ਅਨੁਸਾਰ, ਖੇਤੀਬਾੜੀ ਮਾਹਿਰ ਡਾ. ਸੁਖਪਾਲ ਸਿੰਘ ਦੇ ਅਨੁਸਾਰ, ਵਰਖਾ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਜ਼ਮੀਨ ਦੇ ਅੰਦਰੋਂ ਪਾਣੀ ਜ਼ਿਆਦਾ ਕੱਢਣਾ ਪਿਆ।
ਇਸ ਨਾਲ ਜ਼ਮੀਨ ਹੇਠਲੇ ਪਾਣੀ ‘ਤੇ ਵੀ ਪ੍ਰਭਾਵ ਪਿਆ ਹੈ। ਪਿਛਲੇ ਕੁਝ ਸਾਲਾਂ ਵਿਚ ਮਾਰਚ ਵਿਚ ਚੰਗੀ ਵਰਖਾ ਹੋਈ ਸੀ, ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਈ ਸੀ, ਪਰ ਇਸ ਵਾਰ ਇਹ ਨਹੀਂ ਹੋਇਆ।
ਅਪ੍ਰੈਲ ਤੋਂ ਜੂਨ ਤੱਕ ਗਰਮੀ ਪੈਣ ਦੀ ਸੰਭਾਵਨਾ
ਆਈਐਮਡੀ ਦੇ ਮੁਖੀ ਮੌਤੂੰਜੈ ਮਹਾਪਾਤਰਾ ਨੇ ਕਿਹਾ ਕਿ ਜ਼ਿਆਦਾਤਰ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਵੱਧ ਰਹੇਗਾ। ਮੌਤੂੰਜੈ ਮਹਾਪਾਤਰਾ ਨੇ ਕਿਹਾ, ਅਪ੍ਰੈਲ ਤੋਂ ਜੂਨ ਤੱਕ, ਉੱਤਰ ਅਤੇ ਪੂਰਬੀ ਭਾਰਤ, ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਆਮ ਨਾਲੋਂ ਦੋ ਤੋਂ ਚਾਰ ਦਿਨ ਹੋਰ ਗਰਮੀ ਪੈਣ ਦੀ ਸੰਭਾਵਨਾ ਹੈ।
ਆਈਐਮਡੀ ਦੇ ਇੱਕ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਉੱਤਰ-ਪੱਛਮੀ ਭਾਰਤ ਵਿੱਚ ਗਰਮੀ ਦੀਆਂ ਲਹਿਰਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਇਹਨਾਂ ਖੇਤਰਾਂ ਵਿੱਚ ਆਮ ਤੌਰ ‘ਤੇ ਮੌਸਮ ਦੌਰਾਨ ਪੰਜ ਤੋਂ ਛੇ ਗਰਮ ਦਿਨ ਹੁੰਦੇ ਹਨ।