ਕਿਸਾਨ ਜਥੇਬੰਦੀ ਸਿੱਧੂਪੁਰ ‘ਚ ਬਗਾਵਤ! ਡੱਲੇਵਾਲ ਨੂੰ ਹਟਾਇਆ

All Latest NewsNews FlashPunjab NewsTop BreakingTOP STORIES

 

ਕਿਸਾਨ ਜਥੇਬੰਦੀ ਸਿੱਧੂਪੁਰ ‘ਚ ਬਗਾਵਤ! ਡੱਲੇਵਾਲ ਨੂੰ ਹਟਾਇਆ, ਦਲਵੀਰ ਸਿੰਘ ਬਣੇ ਨਵੇਂ ਕਨਵੀਨਰ

ਚੰਡੀਗੜ੍ਹ 7 ਜਨਵਰੀ 2026: ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਅੰਦਰੂਨੀ ਕਲੇਸ਼ ਅਤੇ ਜਥੇਬੰਦਕ ਢਾਂਚੇ ਨੂੰ ਲੈ ਕੇ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ।

ਮਿਤੀ 06-01-2026 ਨੂੰ ਜਥੇਬੰਦੀ ਦੇ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਹੋਈ ਇੱਕ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਜਗਜੀਤ ਸਿੰਘ ਡੱਲੇਵਾਲ ਨੂੰ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਅਤੇ ਜਥੇਬੰਦੀ ਦੇ ਸੰਸਥਾਪਕ ਸਵਰਗਵਾਸੀ ਪਿਸ਼ੌਰਾ ਸਿੰਘ ਸਿੱਧੂਪੁਰ ਦੇ ਸਪੁੱਤਰ ਦਲਵੀਰ ਸਿੰਘ ਸਿੱਧੂਪੁਰ ਨੂੰ ਜਥੇਬੰਦੀ ਦਾ ਨਵਾਂ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਡੱਲੇਵਾਲ ਨੂੰ ਹਟਾਉਣ ਦੇ ਮੁੱਖ ਕਾਰਨ

ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਕਾਰਜਸ਼ੈਲੀ ‘ਤੇ ਗੰਭੀਰ ਸਵਾਲ ਚੁੱਕੇ ਹਨ। ਦੋਸ਼ ਲਾਇਆ ਗਿਆ ਹੈ ਕਿ ਡੱਲੇਵਾਲ ਜਥੇਬੰਦੀ ਨੂੰ ਇੱਕਮੁੱਠ ਰੱਖਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਅਤੇ ਉਨ੍ਹਾਂ ਨੇ ਉੱਚ ਅਹੁਦਿਆਂ ‘ਤੇ ਬੈਠੇ ਅਹੁਦੇਦਾਰਾਂ ਨੂੰ ਇੱਕ-ਇੱਕ ਕਰਕੇ ਜਥੇਬੰਦੀ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ।

ਮੀਟਿੰਗ ਵਿੱਚ ਕਿਹਾ ਗਿਆ ਕਿ ਦਿੱਲੀ ਮੋਰਚੇ ਤੋਂ ਬਾਅਦ ਜਥੇਬੰਦੀ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਸੀ ਕਿ ਉਹ ਹੁਣ ਐਸ.ਕੇ.ਐਮ. ਨਾਲ ਸਬੰਧ ਨਹੀਂ ਰੱਖਣਗੇ, ਪਰ ਡੱਲੇਵਾਲ ਨੇ ਬਿਨਾਂ ਪ੍ਰਵਾਨਗੀ ਲਏ ਦੁਬਾਰਾ ਉਨ੍ਹਾਂ ਨਾਲ ਮਿਲ ਕੇ ਸ਼ੰਭੂ ਅਤੇ ਖਨੌਰੀ ਮੋਰਚੇ ਲਗਾ ਦਿੱਤੇ, ਜੋ ਕਿ ਬੁਰੀ ਤਰ੍ਹਾਂ ਫੇਲ੍ਹ ਹੋਏ।

ਇਹ ਵੀ ਦੱਸਿਆ ਗਿਆ ਕਿ ਪਿਛਲੇ 6 ਸਾਲਾਂ ਤੋਂ ਜਥੇਬੰਦੀ ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਸੰਵਿਧਾਨਕ ਤੌਰ ‘ਤੇ ਜਥੇਬੰਦੀ ਦਾ ਕੋਈ ਵੀ ਪ੍ਰਧਾਨ ਨਹੀਂ ਰਿਹਾ ਸੀ।

ਨਵੀਂ 5-ਮੈਂਬਰੀ ਕਮੇਟੀ ਦਾ ਗਠਨ

ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬਲਾਕ ਪੱਧਰ ਤੋਂ ਲੈ ਕੇ ਪੰਜਾਬ ਪ੍ਰਧਾਨ ਦੀ ਚੋਣ ਕਰਵਾਉਣ ਲਈ ਇੱਕ 5-ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਹੇਠ ਲਿਖੇ ਆਗੂ ਸ਼ਾਮਲ ਹਨ:

  1. ਜ਼ੋਰਾਵਰ ਸਿੰਘ ਬਲਵੇੜਾ (ਪ੍ਰਧਾਨ ਜ਼ਿਲ੍ਹਾ ਪਟਿਆਲਾ)
  2. ਸੁਰਜੀਤ ਸਿੰਘ (ਪ੍ਰਧਾਨ ਜ਼ਿਲ੍ਹਾ ਸੰਗਰੂਰ)
  3. ਰਵਿੰਦਰ ਸਿੰਘ ਦੇਹਕਲਾਂ (ਪ੍ਰਧਾਨ ਜ਼ਿਲ੍ਹਾ ਮੋਹਾਲੀ)
  4. ਗੁਰਮੀਤ ਸਿੰਘ ਰੁੜਕੀ (ਪ੍ਰਧਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ)
  5. ਪ੍ਰਗਟ ਸਿੰਘ ਰੋਲੂ ਮਾਜਰਾ (ਪ੍ਰਧਾਨ ਜ਼ਿਲ੍ਹਾ ਰੂਪ ਨਗਰ)

ਇਸ ਮੀਟਿੰਗ ਵਿੱਚ ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਫਿਰੋਜ਼ਪੁਰ ਅਤੇ ਰੂਪ ਨਗਰ ਦੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਵੱਖ-ਵੱਖ ਬਲਾਕ ਪ੍ਰਧਾਨ ਅਤੇ ਅਹੁਦੇਦਾਰ ਮੌਜੂਦ ਸਨ। ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਦਲਵੀਰ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਜਥੇਬੰਦੀ ਆਪਣੇ ਅਸਲ ਸਿਧਾਂਤਾਂ ‘ਤੇ ਚੱਲਦੇ ਹੋਏ ਕਿਸਾਨੀ ਹਿੱਤਾਂ ਲਈ ਕੰਮ ਕਰੇਗੀ।

 

Media PBN Staff

Media PBN Staff