Punjab News: ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਬੀਬੀਆਂ ਨੇ ਘੇਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰ
ਤਰਨਤਾਰਨ :
ਤਰਨਤਾਰਨ ਜ਼ਿਲ੍ਹੇ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਸਰਵਨ ਸਿੰਘ ਧੁੰਨ ਦੇ ਘਰਾਂ ਦਾ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਬੀਬੀਆਂ ਵੱਲੋਂ ਘਿਰਾਓ ਕੀਤਾ ਗਿਆ।
ਵੱਖ-ਵੱਖ ਥਾਵਾਂ ’ਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸੂਬਾ ਆਗੂ ਤੇ ਜ਼ਿਲ੍ਹਾ ਸਤਨਾਮ ਸਿੰਘ ਮਾਣੋਚਾਹਲ, ਜਰਨੈਲ ਸਿੰਘ ਨੂਰਦੀ, ਰੇਸ਼ਮ ਸਿੰਘ ਘੁਰਕਵਿੰਡ, ਦਿਆਲ ਸਿੰਘ ਮੀਆਂਵਿੰਡ, ਬੀਬੀ ਰਣਜੀਤ ਕੌਰ ਕੱਲ੍ਹਾ ਨੇ ਕਿਹਾ ਕਿ ਰਾਜਿਆਂ ਦੇ ਕਾਲ ਤੋਂ ਲੈ ਕੇ ਸਰਕਾਰ ਦੇ ਕਾਲ ਤੱਕ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨਾਲ ਗੱਲਬਾਤ ਕਰਨ ਗਏ ਕਿਸਾਨਾਂ ਨੂੰ ਚੰਡੀਗੜ੍ਹ ਤੋਂ ਬਿਨਾ ਕਿਸੇ ਦੋਸ਼ ਤੋਂ ਗਿ੍ਰਫਤਾਰ ਕਰ ਲਿਆ ਗਿਆ ਹੋਵੇ।
ਉਨ੍ਹਾਂ ਕਿਹਾ ਭਾਵੇਂ ਕੋਈ ਵੀ ਲਹਿਰ ਹੋਵੇ, ਉਸ ਦੇ ਮੀਟਿੰਗ ਕਰਨ ਗਏ ਆਗੂਆਂ ਨੂੰ ਸਰਕਾਰ ਵੱਲੋਂ ਰਸਤਾ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੋਰ ਕੀ ਮਾੜਾ ਹੋਵੇਗਾ ਕਿ ਜਿਹੜੀ ਸਰਕਾਰ ਦਾ ਮੁੱਖ ਮੰਤਰੀ ਸਟੇਜਾਂ ’ਤੇ ਖੜ੍ਹਾ ਹੋ ਕੇ ਕਿਸਾਨਾਂ ਦਾ ਪੁੱਤ ਹੋਣ ਦੀ ਗੱਲ ਕਰਦਾ ਹੋਵੇ। ਉਹ ਸਰਕਾਰ ਵੱਲੋਂ ਮੀਟਿੰਗ ’ਤੇ ਗਏ ਕਿਸਾਨਾਂ ਨੂੰ ਗਿ੍ਰਫ਼੍ਤਾਰ ਕਰਨ ਤੋਂ ਬਾਅਦ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਮੋਰਚੇ ’ਚ ਹਜ਼ਾਰਾਂ ਦੀ ਗਿਣਤੀ ’ਚ ਪੁਲਿਸ ਬਲ ’ਤੇ ਮੋਰਚੇ ਨੂੰ ਢਹਿ ਢੇਰੀ ਕਰ ਦੇਵੇ।
ਆਗੂ ਹਰਬਿੰਦਰਜੀਤ ਸਿੰਘ ਕੰਗ, ਬਲਵਿੰਦਰ ਸਿੰਘ ਚੋਹਲਾ ਸਾਹਿਬ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ 19 ਮਾਰਚ ਨੂੰ ਚੱਲ ਰਹੇ ਕਿਸਾਨੀ ਮੋਰਚਿਆਂ ਨੂੰ ਢਹਿ ਢੇਰੀ ਕਰ ਦਿੱਤਾ। ਉਨ੍ਹਾਂ ਕਿਹਾ ਮੋਰਚੇ ਵਿਚ ਹਰ ਤਰ੍ਹਾਂ ਦੇ ਮਾਲੀ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਦੁਆਰਾ ਕੀਤੀ ਜਾਵੇ। ਟਰੈਕਟਰ, ਟਰਾਲੀਆਂ, ਏਸੀ ਫਿ੍ਰੱਜਾਂ, ਪੱਖੇ, ਟੈਂਟ, ਸਟੇਜ, ਸਪੀਕਰ, ਮੋਟਰਸਾਈਕਲ, ਪਾਣੀ ਵਾਲੀਆਂ ਟੈਂਕੀਆਂ, ਮੇਜ, ਨਕਦੀ, ਗੱਦੇ, ਦਰੀਆਂ ਮੈਟ, ਲੰਗਰ ਦੇ ਬਰਤਨ, ਮੋਬਾਈਲ, ਕੱਪੜੇ, ਕੰਬਲ ਆਦਿ ਵੀ ਚੋਰੀ ਕਰ ਲਏ ਗਏ ਹਨ।
ਪੁਲਿਸ ਵੱਲੋਂ ਮੋਰਚਿਆਂ ’ਤੇ ਕੀਤੇ ਤਸ਼ਦੱਦ ’ਚ ਆਮ ਕਿਸਾਨ ਮਜ਼ਦੂਰਾਂ ਦੀ ਕੁੱਟਮਾਰ ਤੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ’ਤੇ 20 ਮਾਰਚ ਨੂੰ ਸ਼ੰਭੂ ਮੋਰਚੇ ’ਤੇ ਕੁੱਟਮਾਰ ਕਰਨ ਵਾਲੇ ਐੱਸਐੱਚਓ ਨੂੰ ਬਰਖ਼ਾਸਤ ਕੀਤਾ ਜਾਵੇ। ਸਰਕਾਰ ਦੀ ਸ਼ਹਿ ’ਤੇ ਜਿਨ੍ਹਾਂ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਚਕਾਰੀ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਹੈ।
ਅਜਿਹੇ ਅਨਸਰਾਂ ’ਤੇ ਤੁਰੰਤ ਬਣਦੀਆਂ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਤੇ ਟਰਾਲੀਆਂ ਜਾਂ ਹੋਰ ਸਾਮਾਨ ਚੋਰੀ ਹੋਣ ਦੇ ਇਸ ਘਟਨਾਕ੍ਰਮ ਦੇ ਪਿੱਛੇ ਸਾਜਿਸ਼ ’ਚ ਸ਼ਾਮਿਲ ਲੋਕਾਂ ’ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।