ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਨੌਕਰੀ ਤੋਂ ਬਰਖ਼ਾਸਤ
ਬਠਿੰਡਾ
ਹੈਰੋਇਨ ਸਮੇਤ ਗ੍ਰਿਫਤਾਰ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਬੁੱਧਵਾਰ ਦੇਰ ਸ਼ਾਮ ਬਠਿੰਡਾ ਪੁਲਿਸ ਵੱਲੋਂ 17.71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤੀ ਗਈ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।
ਹਾਲਾਂਕਿ ਅਮਨਦੀਪ ਕੌਰ ਇੰਨੀ ਦਿਨੀ ਬਠਿੰਡਾ ਵਿੱਚ ਤਾਇਨਾਤ ਸੀ ਪਰ ਉਸਦਾ ਮਾਨਸਾ ਦਾ ਹੋਣ ਕਰਕੇ ਕਾਰਵਾਈ ਉਥੋਂ ਕੀਤੀ ਗਈ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਅਮਨੀਤ ਕੌਂਡਲ ਨੇ ਕੀਤੀ ਹੈ।
ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਣਾ ਦਾ ਕਹਿਣਾ ਸੀ ਕਿ ਇਸ ਸੰਬੰਧ ਵਿੱਚ ਅਗਲੀ ਜਾਣਕਾਰੀ ਐਸਪੀ ਹੈਡ ਕੁਆਰਟਰ ਚੰਡੀਗੜ੍ਹ ਮੀਡੀਆ ਨੂੰ ਜਾਰੀ ਕਰਨਗੇ।
ਮਹਿਲਾ ਕਾਂਸਟੇਬਲ ਖ਼ਿਲਾਫ਼ ਮਾਮਲਾ ਦਰਜ – ਡੀਐਸਪੀ ਸਿਟੀ-1 ਹਰਬੰਸ ਸਿੰਘ
ਡੀਐਸਪੀ ਸਿਟੀ-1 ਹਰਬੰਸ ਸਿੰਘ ਨੇ ਦੱਸਿਆ ਕਿ ਵਰਧਮਾਨ ਪੁਲਿਸ ਸਟੇਸ਼ਨ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਤਹਿਤ ਬਾਦਲ ਰੋਡ ‘ਤੇ ਨਾਕਾਬੰਦੀ ਕੀਤੀ ਸੀ।
ਇਸ ਦੌਰਾਨ, ਪੁਲਿਸ ਟੀਮ ਨੇ ਲਾਡਲੀ ਚੌਕ ਤੋਂ ਆ ਰਹੇ ਇੱਕ ਕਾਲੇ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਪੁਲਿਸ ਚੈੱਕ ਪੋਸਟ ਦੇ ਨੇੜੇ ਰੁਕੀ ਅਤੇ ਇੱਕ ਔਰਤ ਉਸ ਵਿੱਚੋਂ ਉਤਰ ਕੇ ਭੱਜਣ ਲੱਗੀ। ਚੈੱਕ ਪੋਸਟ ‘ਤੇ ਮੌਜੂਦ ਲੇਡੀ ਕਾਂਸਟੇਬਲ ਅਤੇ ਹੋਰ ਟੀਮ ਨੇ ਉਸਨੂੰ ਕਾਬੂ ਕਰ ਲਿਆ।
ਉਹਨਾਂ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਗੇਅਰ ਦੇ ਕੋਲ ਇੱਕ ਡੱਬੇ ਵਿੱਚੋਂ ਮਿਲੇ ਪੋਲੀਥੀਨ ਬੈਗ ਵਿੱਚੋਂ ਹੈਰੋਇਨ ਬਰਾਮਦ ਹੋਈ। ਜਦੋਂ ਤੋਲਿਆ ਗਿਆ ਤਾਂ ਇਸਦਾ ਭਾਰ 17.71 ਗ੍ਰਾਮ ਸੀ। ਪੁੱਛਗਿੱਛ ਕਰਨ ‘ਤੇ ਉਕਤ ਔਰਤ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ, ਜੋ ਕਿ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਹੈ।
ਜਾਂਚ ਦੌਰਾਨ, ਉਸਨੇ ਕਬੂਲ ਕੀਤਾ ਕਿ ਉਹ ਪੰਜਾਬ ਪੁਲਿਸ ਵਿੱਚ ਇੱਕ ਸੀਨੀਅਰ ਕਾਂਸਟੇਬਲ ਵਜੋਂ ਤਾਇਨਾਤ ਸੀ। ਇਨ੍ਹੀਂ ਦਿਨੀਂ ਉਹ ਮਾਨਸਾ ਵਿੱਚ ਤਾਇਨਾਤ ਹੈ, ਪਰ ਹੁਣ ਉਹ ਬਠਿੰਡਾ ਪੁਲਿਸ ਲਾਈਨ ਨਾਲ ਅਟੈਚ ਹੈ। ਮਹਿਲਾ ਕਾਂਸਟੇਬਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।