‘ਯੁੱਧ ਬੇਰੁਜ਼ਗਾਰਾਂ ਵਿਰੁੱਧ’! ਭਗਵੰਤ ਮਾਨ ਦੇ ਸਮਾਗਮ ‘ਚ ਬੇਰੁਜ਼ਗਾਰ ਅਧਿਆਪਕਾਂ ਦਾ ਡੰਡਿਆਂ ਨਾਲ ਸਵਾਗਤ, ਕਈ ਗ੍ਰਿਫਤਾਰ
ਸੀਐਮ ਅਤੇ ਈਐਮ ਦੀ ਆਮਦ ਮੌਕੇ ਈਟੀਟੀ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ, ਪੁਲਿਸ ਨੇ ਅਧਿਆਪਕਾਂ ਨੂੰ ਕੀਤਾ ਗ੍ਰਿਫ਼ਤਾਰ
ਪਰਮਜੀਤ ਢਾਬਾਂ, ਫਾਜ਼ਿਲਕਾ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਸਰਕਾਰੀ ਸਕੂਲਾਂ ਤੇ ਵਿਦਿਆਰਥੀਆਂ ਲਈ ਨਸ਼ਿਆਂ ਦੀ ਰੋਕਥਾਮ ਲਿਸ਼ ਸਪੈਸ਼ਲ ਸ਼ੁਰੂ ਕੀਤੇ ਸਿਲੇਬਸ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮਨੀਸ਼ ਅਸ਼ੋਦੀਆ ਅਤੇ ਹੋਰ ਆਗੂ ਹਾਜ਼ਰ ਰਹੇ।
ਭਾਵੇਂ ਕਿ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਸਖਤ ਕੀਤੇ ਗਏ ਸੀ। ਪ੍ਰੰਤੂ ਇਸਦੇ ਬਾਵਜੂਦ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਆਪ ਆਗੂਆਂ ਦਾ ਜੰਮ ਕੇ ਵਿਰੋਧ ਕੀਤਾ।
ਜਿਸ ਨੂੰ ਲੈ ਕੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਮੁੱਖ ਮੰਤਰੀ ਦੀ ਸਟੇਜ ਵੱਲ ਵੱਧ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਫੜ ਕੇ ਬੱਸਾਂ ਵਿੱਚ ਡੱਕ ਦਿੱਤਾ ਅਤੇ ਜਦੋਂ ਤੱਕ ਮੁੱਖ ਮੰਤਰੀ ਅਤੇ ਬਾਕੀ ਸਮਾਗਮ ਖਤਮ ਨਹੀਂ ਹੋਇਆ ਉਸ ਸਮੇਂ ਤੱਕ ਉਹਨਾਂ ਨੂੰ ਛੱਡਿਆ ਨਹੀਂ ਗਿਆ।
ਈਟੀਟੀ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਆਪ ਆਗੂਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਵੱਲੋਂ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਦੇ ਬਹੁਤ ਸਾਰੇ ਆਗੂਆਂ ਨੂੰ ਕੱਲ੍ਹ ਹੀ ਫੜ ਕੇ ਥਾਣਿਆਂ ਚ ਬੰਦ ਕੀਤਾ ਹੋਇਆ ਹੈ।
ਈ.ਟੀ.ਟੀ 5994 ਬੇਰੁਜ਼ਗਾਰ ਅਧਿਆਪਕਾਂ ਦੇ ਆਗੂਆ ਨੇ ਦਸਿਆ ਕਿ ਉਹਨਾਂ ਦੀ ਮੰਗ ਹੈ ਕਿ 5994 ਭਰਤੀ ਪੂਰੀ ਕੀਤੀ ਜਾਵੇ। ਪਰ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੀ ਬਜਾਏ ਦਰਜਨਾਂ ਬੇਰੁਜ਼ਗਾਰਾਂ ਨੂੰ ਚੁੱਕ ਕੇ ਥਾਣਿਆਂ ਚ ਡੱਕਿਆ ਗਿਆ। ਉਹਨਾਂ ਦੱਸਿਆ ਕਿ ਕੁਝ ਬੇਰੁਜ਼ਗਾਰ ਆਗੂਆਂ ਨੂੰ ਘਰਾਂ ਵਿਚੋਂ ਸਵੇਰੇ ਹੀ ਚੁੱਕਿਆ ਗਿਆ ਹੈ, ਤੇ ਬਾਕੀਆਂ ਨੂੰ ਅਰਨੀਵਾਲਾ ਬਜ਼ਾਰ ਵਿੱਚੋਂ ਚੁੱਕਿਆ ਗਿਆ।

