All Latest NewsNews FlashPunjab NewsTop BreakingTOP STORIES

ਪੰਜਾਬ ਸਰਕਾਰ ਦੇ ਬੁਲਾਰੇ ਨੀਲ ਗਰਗ ਵੱਲੋਂ ਅਧਿਆਪਕਾਂ ਦੀ ਲੜਾਕੂ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਤੇ ਕੀਤੀ ਗਈ ਟਿੱਪਣੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ-ਡਾ ਦਰਸ਼ਨਪਾਲ

ਪੰਜਾਬ ਸਰਕਾਰ ਦੇ ਬੁਲਾਰੇ ਨੀਲ ਗਰਗ ਵੱਲੋਂ ਅਧਿਆਪਕਾਂ ਦੀ ਲੜਾਕੂ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਤੇ ਕੀਤੀ ਗਈ ਟਿੱਪਣੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ-ਡਾ ਦਰਸ਼ਨਪਾਲ

ਉਦਘਾਟਨੀ ਸਮਾਰੋਹ ਖਰਚ ਕੀਤਾ ਜਾ ਰਿਹਾ ਪੈਸਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਖਰਚਿਆ ਜਾਣਾ ਚਾਹੀਦਾ – ਅਵਤਾਰ ਮਹਿਮਾਂ

ਪੰਜਾਬ ਨੈਟਵਰਕ, ਚੰਡੀਗੜ੍ਹ

ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਅਦਾਰਿਆਂ ਅੰਦਰ ਸੋਧਾਂ ਕੀਤੀਆਂ ਜਾਂਦੀਆਂ ਹਨ। ਉਸ ਵੇਲੇ ਉਹਨਾਂ ਅਦਾਰਿਆਂ ਅੰਦਰ ਕੰਮ ਕਰਦੀਆਂ ਜਥੇਬੰਦੀਆਂ ਵੱਲੋਂ ਇਸਦੇ ਹੋਣ ਵਾਲੇ ਗਲਤ ਪ੍ਰਭਾਵਾਂ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਸੋਧਾਂ ਅਤੇ ਸਿੱਖਿਆ ਕ੍ਰਾਂਤੀ ਦੇ ਨਾਂ ਉੱਪਰ ਕੀਤੇ ਜਾ ਰਹੇ ਉਦਘਾਟਨੀ ਸਮਾਰੋਹਾਂ ਦਾ ਅਧਿਆਪਕਾਂ ਦੀ ਲੜਾਕੂ ਜਥੇਬੰਦੀ ਡੈਮੋਕਰੇਟਿਕ ਟੀਚਰਜ ਫਰੰਟ, ਜਿਸਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਹਨ। ਉਸ ਜਥੇਬੰਦੀ ਵੱਲੋਂ ਸਰਕਾਰ ਦੇ ਇਸ ਪ੍ਰੋਗਰਾਮ ਦੀ ਆਲੋਚਨਾ ਕਰਨ ਕਰਨ ਕਰਕੇ ਪੰਜਾਬ ਸਰਕਾਰ ਦੇ ਬੁਲਾਰੇ ਨੀਲ ਗਰਗ ਵੱਲੋਂ ਅਧਿਆਪਕ ਜਥੇਬੰਦੀ ਖਿਲਾਫ ਕੀਤੀ ਗਈ ਟਿੱਪਣੀ ਸਰਕਾਰ ਦੀ ਬਖਲਾਹਟ ਦਾ ਨਤੀਜਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਦਰਸ਼ਨਪਾਲ ਅਤੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਖ਼ਿਲਾਫ ਬਿਆਨ ਜਾਰੀ ਕਰਕੇ ਆਪਣੀ ਸੌੜੀ ਰਾਜਨੀਤੀ ਦੀ ਪੋਲ ਆਪੇ ਖੋਲ ਦਿੱਤੀ ਹੈ। ਕਿਸੇ ਸੂਬੇ ਅੰਦਰ ਤਿੰਨ ਚੌਥਾਈ ਬਹੁਮੱਤ ਨਾਲ ਚੁਣੀ ਹੋਈ ਕੋਈ ਸਰਕਾਰ ਇੰਨੀ ਜ਼ਿਆਦਾ ਖੋਖਲੀ ਅਤੇ ਹਲਕੇ ਪੱਧਰ ਦੀ ਵੀ ਹੋ ਸਕਦੀ ਹੈ ਕਿ ਉਸਨੂੰ ਇੱਕ ਅਧਿਆਪਕ ਜਥੇਬੰਦੀ ਦੇ ਖ਼ਿਲਾਫ ਬਕਾਇਦਾ ਪ੍ਰੈੱਸ ਕਾਨਫਰੰਸ ਕਰਨੀ ਪੈ ਜਾਵੇ ਇਹ ਪਹਿਲੀ ਵਾਰ ਸੁਣ ਰਹੇ ਹਾਂ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਸਮੁੱਚੀ ਆਗੂ ਟੀਮ ਅਤੇ ਉਹਨਾ ਨਾਲ ਜੁੜੇ ਹੋਏ ਅਧਿਆਪਕ ਵਰਗ ਨੂੰ ਮੁਬਾਰਕਬਾਦ ਕਿ ਉਹਨਾ ਨੇ ਨਵੀਂ ਸਿੱਖਿਆ ਨੀਤੀ 2020 ਦਾ ਵਿਰੋਧ ਕਰਕੇ,ਐਮੀਨੈਂਸ ਸਕੂਲਾਂ ਦੀ ਆੜ ਹੇਠ ਬਾਕੀ ਹਜ਼ਾਰਾਂ ਸਰਕਾਰੀ ਸਕੂਲਾਂ ਦਾ ਭੋਗ ਪਾਉਣ ਅਤੇ ਮੋਦੀ ਹਕੂਮਤ ਅੱਗੇ ਗੋਡੇ ਟੇਕ ਕੇ ਪੰਜਾਬ ਦੇ 337 ਸਰਕਾਰੀ ਸਕੂਲਾਂ ਨੂੰ ਪੀ.ਐਮ.ਸ਼੍ਰੀ ਸਕੂਲਾਂ ਵਿੱਚ ਬਦਲਣ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜ੍ਹਾ ਕੀਤਾ ਹੈ ਜਿਸ ਕਾਰਨ ਭਗਵੰਤ ਮਾਨ ਸਰਕਾਰ ਦਾ ਬਚਾਅ ਕਰਨ ਵਾਸਤੇ ਆਮ ਆਦਮੀ ਪਾਰਟੀ ਨੂੰ ਡੀ.ਟੀ.ਐੱਫ. ਦੇ ਖ਼ਿਲਾਫ ਬਿਆਨ ਜਾਰੀ ਕਰਨਾ ਪਿਆ ਹੈ।
ਪੰਜਾਬ ਸਰਕਾਰ ਦਾ ਇਹ ਠੋਸ ਤੱਥਾਂ ਤੋਂ ਰਹਿਤ ਅਤੇ ਗੁਮਰਾਹਕੁਨ ਬਿਆਨ ਸਿੱਖਿਆ ਸਰੋਕਾਰਾਂ ਲਈ ਜੂਝ ਰਹੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੂੰ ਸੰਘਰਸ਼ ਦੇ ਰਸਤੇ ਤੋਂ ਭਟਕਾਅ ਨਹੀਂ ਸਕਦਾ। ਉਹਨਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਮੁਤਾਬਕ ਹਰ ਵਰਗ ਨੂੰ ਆਪਣੀਆਂ ਜਥੇਬੰਦੀਆਂ ਬਣਾਉਣ ਅਤੇ ਸਰਕਾਰ ਵੱਲੋਂ ਲਿਆਂਦੀਆਂ ਨੀਤੀਆਂ ਦੇ ਖਿਲਾਫ ਆਲੋਚਨਾ ਕਰਨ ਦਾ ਸਵਿਧਾਨਿਕ ਹੱਕ ਹੈ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸੱਤਾ ਆਈ ਹੈ ਉਹਨਾਂ ਵੱਲੋਂ ਆਪਣੀਆਂ ਵਿਰੋਧਤਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਜਨਤਕ ਅਤੇ ਤਬਕਿਆ ਜਥੇਬੰਦੀਆਂ ਉੱਪਰ ਸਿਆਸੀ ਲੈਵਲ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਸਰਕਾਰ ਦੀ ਬੁਖਲਾਹਟ ਵਿੱਚ ਕੀਤੀ ਗਈ ਇਹ ਸਖਤ ਟਿੱਪਣੀ ਦੱਸਦੀ ਹੈ ਕਿ ਅਧਿਆਪਕਾਂ ਦੀ ਇਹ ਸੰਘਰਸ਼ਸ਼ੀਲ ਜਥੇਬੰਦੀ ਦਿਸ਼ਾ ਵਿੱਚ ਕੰਮ ਕਰਦਿਆਂ ਹੋਇਆਂ ਅਦਾਰੇ ਨੂੰ ਬਚਾਉਣ ਲਈ ਜੱਦੋਜਹਿਦ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਸਿੱਖਿਆ ਵਿਭਾਗ ਅਤੇ ਵਿੱਦਿਅਕ ਅਦਾਰਿਆਂ ਨੂੰ ਵੀ ਆਪਣੇ ਸਿਆਸੀ ਹਿੱਤਾਂ ਲਈ ਵਰਤਣਾ ਚਾਹੁੰਦੀ ਹੈ, ਇਸੇ ਲਈ ਪਹਿਲੀ ਵਾਰ ਇਹ ਹੋਇਆ ਹੈ ਕਿ ਵਿੱਦਿਅਕ ਅਦਾਰੇ ਅੰਦਰ ਸਿਆਸੀ ਪਾਰਟੀਆਂ ਦੇ ਵਿਅਕਤੀਆਂ ਨੂੰ ਜਬਰੀ ਠੋਸਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਰਗਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਸੁਣਨ ਦੀ ਬਜਾਏ ਉਸਨੂੰ ਸਿਆਸੀ ਵਿਰੋਧ ਕਹਿ ਕੇ ਇਸ ਤੋਂ ਆਪਣਾ ਪਿੱਛਾ ਛਡਾਉਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਉਦਘਾਟਨੀ ਸਮਾਰੋਹਾਂ ਵਿੱਚ ਖਰਚਿਆ ਜਾਣ ਵਾਲਾ ਪੈਸਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਭਲਾਈ ਲਈ ਖਰਚਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮਝਦੀ ਹੈ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਬਚਿਆ ਰਹਿਣਾ ਬਹੁਤ ਜਰੂਰੀ ਹੈ। ਇਸ ਲਈ ਸਾਡੀ ਜਥੇਬੰਦੀ ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਹਰ ਤਰ੍ਹਾਂ ਦੇ ਸੰਘਰਸ਼ ਵਿੱਚ ਉਸਦਾ ਸਾਥ ਦੇਵੇਗੀ।

Leave a Reply

Your email address will not be published. Required fields are marked *