Punjab News: ਆਦਰਸ਼ ਸਕੂਲ ਚਾਉਂਕੇ ਦੇ ਅਧਿਆਪਕਾਂ ‘ਤੇ ਸਰਕਾਰੀ ਜ਼ਬਰ, ਲੇਡੀ ਅਧਿਆਪਕਾਂ ਨੂੰ ਗੁੱਤਾਂ ਤੋਂ ਫੜ ਕੇ ਸੜਕਾਂ ‘ਤੇ ਘੜੀਸਿਆ…!
Punjab News: ਔਰਤ ਅਧਿਆਪਕਾਂ ਨੂੰ ਗੁੱਤਾਂ ਤੋਂ ਫੜ ਕੇ ਸੜਕਾਂ ‘ਤੇ ਘੜੀਸਿਆ
ਬਠਿੰਡਾ –
Punjab News: ਆਦਰਸ਼ ਸਕੂਲ ਚਾਉੰਕੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਥਿਤ ਭ੍ਰਿਸ਼ਟਾਚਾਰ ਅਤੇ ਵਿਦਿਆਰਥੀਆਂ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਖਿਲਾਫ਼ ਬੋਲਣ ਵਾਲੇ ਅਧਿਆਪਕਾਂ ਨੂੰ ਇਸ ਪ੍ਰਬੰਧਕੀ ਕਮੇਟੀ ਵੱਲੋਂ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ ਜਿਸ ਦੇ ਖਿਲਾਫ਼ ਇਹ ਪੀੜਤ ਅਧਿਆਪਕ, ਬੱਚਿਆਂ ਦੇ ਮਾਪੇ ਅਤੇ ਭਰਾਤਰੀ ਜਥੇਬੰਦੀਆਂ ਸਕੂਲ ਅੱਗੇ ਲਗਾਤਾਰ ਧਰਨਾ ਲਗਾ ਕੇ ਹੱਕੀ ਸੰਘਰਸ਼ ਕਰ ਰਹੀਆਂ ਸਨ।
ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਇਸ ਮੋਰਚੇ ‘ਤੇ ਹਮਲਾ ਕਰਕੇ ਅਧਿਆਪਕਾਂ ਦੀ, ਮਾਪਿਆਂ ਦੀ ਅਤੇ ਭਰਾਤਰੀ ਆਗੂਆਂ ਦੀ ਜ਼ਾਲਮਾਨਾ ਕੁੱਟਮਾਰ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ। ਔਰਤ ਅਧਿਆਪਕਾਂ ਨੂੰ ਗੁੱਤਾਂ ਤੋਂ ਫੜ ਕੇ ਸੜਕਾਂ ‘ਤੇ ਘੜੀਸਿਆ ਗਿਆ ਸੀ। ਸੜਕਾਂ ‘ਤੇ ਡਾਂਗਾਂ ਦਾ ਮੀਂਹ ਵਰ੍ਹਾ ਕੇ ਪੱਗਾਂ ਰੋਲੀਆਂ ਗਈਆਂ ਸਨ।
ਲੋਕ ਸੰਘਰਸ਼ ਦੇ ਜੋਰ ਰਿਹਾਈਆਂ ਕਰਵਾਕੇ ਅਧਿਆਪਕ ਫਿਰ ਸਕੂਲ ਅੱਗੇ ਮੋਰਚਾ ਲਗਾ ਕੇ ਡਟ ਗਏ ਸੀ। ਲੰਘੀ ਰਾਤ 3 ਵਜੇ ਪੁਲਿਸ ਦੀਆਂ ਧਾੜਾਂ ਨੇ ਫਿਰ ਉਹੀ ਜਬਰ ਢਾਹਿਆ ਹੈ। ਹਾਜ਼ਰ ਅਧਿਆਪਕਾਂ, ਮਾਪਿਆਂ, ਕਿਸਾਨ ਆਗੂਆਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਥਾਨੇ ਵਿੱਚ ਤੁੰਨ ਦਿੱਤਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਅਧਿਆਪਕਾਂ ਦੇ ਨਾਮ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਜੁਝਾਰੂ ਅਧਿਆਪਕੋਂ! ਇਹੀ ਕਹਿਰ ਆਉਣ ਵਾਲੇ ਸਮਿਆਂ ਵਿੱਚ ਸਾਡੇ ਨਾਲ ਵਾਪਰਨਾ। ਜਿਵੇਂ ਸਰਕਾਰ ਸਾਡੇ ਸਕੂਲਾਂ ਵਿੱਚ ਸਿਆਸੀ ਦਖਲਅੰਦਾਜੀ ਕਰ ਰਹੀ ਹੈ, ਆਈ ਏ ਐਸ ਅਫਸਰਾਂ ਨੂੰ ਸਾਡੇ ਸਿਰਾਂ ‘ਤੇ ਬਿਠਾ ਰਹੀ ਹੈ, ਸਿਰਫ਼ ਐਮੀਨੈਂਸ ਸਕੂਲਾਂ ਨੂੰ ਚਮਕਾ ਉਨ੍ਹਾਂ ਨੂੰ ਕੰਪਨੀਆਂ ਹਵਾਲੇ ਕੀਤਾ ਜਾਣਾ ਅਤੇ ਬਾਕੀ ਸਕੂਲਾਂ ਲਈ ਬੰਦ ਹੋਣ ਵਾਲੇ ਹਾਲਾਤ ਪੈਦਾ ਕਰ ਰਹੀ ਹੈ, ਉਸ ਦੇ ਨਾਲ ਸਾਡੇ ਰੁਜ਼ਗਾਰ ਨੇ ਵੀ ਖੁੱਸਣਾ ਹੈ।
ਰੁਜ਼ਗਾਰ ਦੀ ਲੜਾਈ ਲੜਨ ‘ਤੇ ਇਹੀ ਕੁਝ ਸਾਡੇ ਨਾਲ ਵਾਪਰਨਾ। ਸਾਡੇ ਸੰਘਰਸ਼ ਇਸੇ ਤਰ੍ਹਾਂ ਪੁਲਿਸੀ ਜਬਰ ਨਾਲ ਦਬਾਏ ਜਾਣੇ ਨੇ ਜੇ ਅਸੀਂ ਅੱਜ ਨਾ ਬੋਲੇ, ਨਾ ਲੜੇ। ਆਓ! ਆਪਣੇ ਲੜਾਕੂ ਸ਼ਾਨਾਮੱਤੇ ਵਿਰਸੇ ਦੀ ਆਣ ਅਤੇ ਸ਼ਾਨ ‘ਤੇ ਪਹਿਰਾ ਦਿੰਦਿਆਂ ਆਦਰਸ਼ ਸਕੂਲ ਚਾਉੰਕੇ ਦੇ ਅਧਿਆਪਕਾਂ ‘ਤੇ ਢਾਹੇ ਗਏ ਜਬਰ ਦਾ ਤੁਰੰਤ ਜਬਰਦਸਤ ਵਿਰੋਧ ਕਰਦਿਆਂ ਹਕੂਮਤ ਨੂੰ ਮੋੜਵਾਂ ਜਵਾਬ ਦੇਣ ਲਈ ਅੱਜ ਸਕੂਲਾਂ ਦੇ ਬਾਹਰ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਏ ਅਤੇ ਭਵਿੱਖੀ ਸੰਘਰਸ਼ ਲਈ ਕਮਰਕਸੇ ਕਰੀਏ।