ਕਿਸਾਨਾਂ ਨੂੰ ਇਨਸਾਫ਼ ਦੁਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਥਾਣਾ ਬਾਘਾਪੁਰਾਣਾ ਅੱਗੇ ਦਿੱਤਾ ਰੋਸ ਧਰਨਾ!
ਥਾਣਾ ਮੁਖੀ ਜਸਵਿੰਦਰ ਸਿੰਘ ਨੇ ਜਲਦ ਮਸਲਾ ਹੱਲ ਕਰਨ ਦਾ ਦਵਾਇਆ ਭਰੋਸਾ
ਪੰਜਾਬ ਨੈੱਟਵਰਕ, ਬਾਘਾਪੁਰਾਣਾ/ਮੋਗਾ
ਫ਼ਿਰੋਜ਼ਪੁਰ ਦੇ ਦੋ ਅਤੇ ਫਰੀਦਕੋਟ ਦੇ ਇਕ ਕਿਸਾਨ ਨਾਲ ਬਾਘਾਪੁਰਾਣਾ ਦੇ ਠੱਗ ਵਿਅਕਤੀ ਹਰਜਿੰਦਰ ਸਿੰਘ ਮੌਰੀਆ ਵੱਲੋਂ ਠੱਗੀ ਮਾਰਨ ਦੇ ਵਿਰੋਧ ਵਿੱਚ ਥਾਣਾ ਬਾਘਾਪੁਰਾਣਾ ਅੱਗੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਰੋਸ ਧਰਨਾ ਦਿੱਤਾ| ਇਕੱਤਰ ਹੋਏ ਕਿਸਾਨਾਂ ਨੇ ਠੱਗ ਵਿਅਕਤੀ ਖਿਲਾਫ ਜਮਕੇ ਨਾਹਰੇਬਾਜ਼ੀ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਬਾਘਾਪੁਰਾਣਾ ਦੇ ਇਕ ਵਿਅਕਤੀ ਹਰਜਿੰਦਰ ਸਿੰਘ ਮੋਰੀਆ ਵੱਲੋਂ ਫਿਰੋਜਪੁਰ ਦੇ ਕਿਸਾਨ ਨਿਰਭੈ ਸਿੰਘ ਤੋਂ 3 ਲੱਖ 50 ਹਜਾਰ, ਕਿਸਾਨ ਗੁਰਸੇਵਕ ਸਿੰਘ ਅਤੇ ਉਸਦੇ ਭਰਾ ਦਵਿੰਦਰ ਸਿੰਘ ਤੋਂ 5 ਲੱਖ ਅਤੇ ਫਰੀਦਕੋਟ ਦੇ ਕਿਸਾਨ ਦਰਸ਼ਨ ਸਿੰਘ ਬਿਸ਼ਨੰਦੀ ਤੋਂ 4 ਲੱਖ ਰੁਪਏ ਦੀ ਠੱਗੀ ਕੀਤੀ ਸੀ |
ਜਿਸ ਸਬੰਧੀ ਉਕਤ ਵਿਅਕਤੀ ਵੱਲੋਂ ਲਿਖਤੀ ਸਮਝੌਤਾ ਕਰਕੇ ਪੈਸੇ ਵਾਪਸ ਕਰਨ ਦਾ ਫੈਸਲਾ ਕਰ ਲਿਆ ਸੀ, ਪਰ ਬਾਅਦ ਵਿੱਚ ਫਿਰ ਪੈਸੇ ਦੇਣ ਤੋਂ ਮੁੱਕਰ ਗਿਆ | ਉਹਨਾਂ ਦੱਸਿਆ ਕਿ ਇਸ ਸਬੰਧੀ ਇਕ ਸਾਲ ਤੋਂ ਪੁਲਿਸ ਪ੍ਰਸ਼ਾਸਨ ਦੇ ਵੱਖ-ਵੱਖ ਦਫਤਰਾਂ ਦੇ ਪੀੜਤ ਕਿਸਾਨਾਂ ਵੱਲੋਂ ਚੱਕਰ ਲਗਾਏ ਜਾ ਰਹੇ ਹਨ ਪਰ ਮਸਲੇ ਦਾ ਹੱਲ ਨਹੀਂ ਕੀਤਾ ਗਿਆ | ਜਿਸ ਕਰਕੇ ਅੱਜ ਥਾਣਾ ਬਾਘਾ ਪੁਰਾਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ |
ਇਸ ਮੌਕੇ ਥਾਣਾ ਮੁਖੀ ਜਸਵਰਿੰਦਰ ਸਿੰਘ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਧਰਨਾਕਾਰੀਆਂ ਨਾਲ ਤੁਰੰਤ ਮਸਲਾ ਹੱਲ ਕਰਨ ਦਾ ਭਰੋਸਾ ਦਵਾਉਣ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਫਰੀਦਕੋਟ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ, ਜਿਲਾ ਪ੍ਰਧਾਨ ਬਲਵਿੰਦਰ ਸਿੰਘ ਧੂਰਕੋਟ, ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਮੋਗਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਭੇਖਾ ਫਿਰੋਜਪੁਰ ਜਿਲੇ ਦੇ ਪ੍ਰਤਾਪ ਸਿੰਘ ਲਖਮੀਰਪੁਰਾ, ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਗੁਰਪ੍ਰੀਤ ਸਿੰਘ ਸਮਾਧ, ਸੁਰਜੀਤ ਸਿੰਘ ਵਿਰਕ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਦਿਲਬਾਗ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।