ਆਦਰਸ਼ ਸਕੂਲ ਚਾਉਕੇ ਦੇ ਅਧਿਆਪਕ ਸੰਘਰਸ਼ ਦੀ ਕਰਾਂਗੇ ਡਟਵੀਂ ਹਮਾਇਤ: ਮਨਜੀਤ ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਹੋਈ ਸੂਬਾਈ ਵਧਵੀਂ ਮੀਟਿੰਗ
ਮੋਦੀ ਅਤੇ ਕਾਰਪੋਰੇਟਰਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਪੰਜਾਬ ਸਰਕਾਰ: ਹਰਨੇਕ ਮਹਿਮਾ
ਪੰਜਾਬ ਸਰਕਾਰ ਨੇ ਜਲ ਸੋਧ ਐਕਟ 2024 ਲਾਗੂ ਕਰਕੇ ਲੋਕਾਂ ਨਾਲ ਕੀਤਾ ਧ੍ਰੋਹ: ਗੁਰਦੀਪ ਰਾਮਪੁਰਾ
ਦਲਜੀਤ ਕੌਰ, ਚੰਡੀਗੜ੍ਹ
ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਸੂਬਾਈ ਵਧਵੀਂ ਮੀਟਿੰਗ ਰਾਮਪੁਰਾ ਪਿੰਡ ਦੀ ਜੱਸਾ ਮੱਸਾ ਧਰਮਸ਼ਾਲਾ ਵਿਖੇ ਹੋਈ ਜਿਸ ਵਿੱਚ ਸੂਬਾ ਕਮੇਟੀ ਆਗੂਆਂ ਤੋਂ ਇਲਾਵਾ 14 ਜ਼ਿਲ੍ਹਿਆਂ ਚੋਂ ਜ਼ਿਲਾ, ਬਲਾਕ ਅਤੇ ਪਿੰਡ ਪੱਧਰ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਸਰਬ ਸੰਮਤੀ ਨਾਲ ਮਹਿਸੂਸ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਕੇਂਦਰ ਸਰਕਾਰ ਨਾਲ ਪੂਰੀ ਗਿੱਟ ਮਿੱਟ ਕਰਕੇ ਚੱਲ ਰਹੀ ਹੈ।
ਤਿੰਨ ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚੋਂ ਮੁੱਖ ਮੰਤਰੀ ਦਾ ਹੰਕਾਰੀ ਤਰੀਕੇ ਨਾਲ ਵਾਕ ਆਊਟ ਕਰਨਾ, 5 ਮਾਰਚ ਨੂੰ ਚੰਡੀਗੜ੍ਹ ਵੱਲ ਜਾਣ ਵਾਲੇ ਕਿਸਾਨਾਂ ਤੇ ਜ਼ਬਰ ਕਰਨਾ ਅਤੇ 19 ਮਾਰਚ ਨੂੰ ਸ਼ੰਭੂ ਖਨੌਰੀ ਵਾਲੇ ਕਿਸਾਨਾਂ ਤੇ ਜ਼ਬਰ ਕਰਕੇ ਉਹਨਾਂ ਦੇ ਸਮਾਨ ਦੀ ਲੁੱਟ ਖੋਹ ਕਰਨ ਤੋਂ ਇਲਾਵਾ ਹੋਰ ਤਬਕਿਆਂ ਦੇ ਹੱਕੀ ਸੰਘਰਸ਼ਾਂ ਪ੍ਰਤੀ ਅਪਣਾਈ ਧੱਕੜ ਪਹੁੰਚ ਤੋਂ ਇਸ ਤੱਥ ਦੀ ਪੁਸ਼ਟੀ ਹੋ ਰਹੀ ਹੈ।
ਭਾਵੇਂ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਪ੍ਰਤੀ ਅਪਣਾਇਆ ਗ਼ਲਤ ਅਤੇ ਜਾਬਰ ਤਰੀਕਾ ਹੋਵੇ ਜਾਂ ਲਾਡੀ ਢੋਸ ਦੇ ਗੁੰਡਿਆਂ ਵੱਲੋਂ ਕਿਸਾਨਾਂ ਤੇ ਹਮਲਾ ਕਰਨਾ, ਭਾਵੇਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕਿਸਾਨਾਂ ਨੂੰ ਲਲਕਾਰਨ ਦੀ ਘਟਨਾ ਹੋਵੇ, ਹੁਣ ਇਹ ਸਾਫ਼ ਹੋ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸੂਬੇ ਵਿੱਚ ਪੁਲਿਸ ਰਾਜ ਕਾਇਮ ਕਰਨਾ ਚਾਹੁੰਦੀ ਹੈ।
ਮੀਟਿੰਗ ਵਿੱਚ ਪਿਛਲੇ ਮਹੀਨੇ ਦੌਰਾਨ ਵਾਪਰੇ ਸਾਰੇ ਘਟਨਾ ਕ੍ਰਮ ਦਾ ਜਾਇਜ਼ਾ ਲੈਂਦੇ ਹੋਏ ਕਿਸਾਨ ਲਹਿਰ ਦੀ ਦਿਸ਼ਾ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਵਿਚਾਰ ਉੱਭਰ ਕੇ ਸਾਹਮਣੇ ਆਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਜਾਬਰ ਅਤੇ ਲੁਟੇਰੇ ਮਨਸੂਬਿਆਂ ਨੂੰ ਭਾਂਜ ਦੇਣ ਲਈ ਆਗੂ ਟੀਮਾਂ ਨੂੰ ਚੇਤੰਨ ਰੂਪ ਵਿੱਚ ਅਸੂਲਾਂ ਆਧਾਰਿਤ ਏਕਾ ਉਸਾਰਦਿਆਂ ਸਾਂਝੇ ਸੰਘਰਸ਼ ਲਾਮਬੰਦ ਕਰਨਾ ਸਮੇਂ ਦੀ ਹਕੀਕੀ ਲੋੜ ਹੈ।
ਮੀਟਿੰਗ ਵਿੱਚ 28 ਮਾਰਚ 2025 ਨੂੰ ਪੰਜਾਬ ਸਰਕਾਰ ਵੱਲੋਂ ਜਲ ਸੋਧ (ਪ੍ਰਦੂਸ਼ਣ ਕੰਟਰੋਲ ਅਤੇ ਰੋਕਥਾਮ) ਐਕਟ 2024 ਨੂੰ ਪੰਜਾਬ ਅੰਦਰ ਲਾਗੂ ਕਰਨ ਦੀ ਪ੍ਰਵਾਨਗੀ ਦੇਣ ਦੀ ਸਖ਼ਤ ਨਿਖੇਧੀ ਕੀਤੀ ਗਈ।
ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 3 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਵਿੱਚ ਇਸ ਜਲ ਸੋਧ ਐਕਟ ਦੇ ਖ਼ਤਰਿਆਂ ਬਾਰੇ ਦੱਸਿਆ ਗਿਆ ਸੀ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਲਾਗੂ ਕਰਨਾ ਬਹੁਤ ਹੀ ਘਿਰਣਾਯੋਗ ਕਾਰਵਾਈ ਹੈ।
ਮੀਟਿੰਗ ਨੇ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਦੀ ਹਮਾਇਤ ਕਰਨ ਦਾ ਫੈਸਲਾ ਕਰਦਿਆਂ 12 ਅਪ੍ਰੈਲ ਦੇ ਇਕੱਠ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਟੈਕਸ ਮੁਕਤ ਵਪਾਰ ਸਮਝੌਤੇ ਦੇ ਖੇਤੀ ਖੇਤਰ ਨੂੰ ਦਰਪੇਸ਼ ਹੋਣ ਵਾਲੇ ਖ਼ਤਰਿਆਂ ਬਾਰੇ ਦੱਸਦਿਆਂ ਇਸ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।
ਮੀਟਿੰਗ ਨੇ ਔਰਤਾਂ ਨੂੰ ਜਥੇਬੰਦ ਕਰਨ ਲਈ ਵਿਸ਼ੇਸ਼ ਯਤਨ ਜੁਟਾਉਣ ਦਾ ਤਹੱਈਆ ਕੀਤਾ। ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਵੇਗੀ। ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਦਾ ਜ਼ਮੀਨ ਬਚਾਓ ਘੋਲ ਜਾਰੀ ਹੈ, ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਜ਼ਮੀਨ ਖੋਹਣ ਦੀ ਜਾਂ ਹੋਰ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਇਸ ਦਾ ਪੂਰੀ ਤਾਕਤ ਨਾਲ ਜਵਾਬ ਦੇਵੇਗੀ।
ਮੀਟਿੰਗ ਵਿੱਚ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਹਰੀਸ਼ ਨੱਢਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਅੰਗਰੇਜ਼ ਸਿੰਘ ਭਦੌੜ, ਮੱਖਣ ਸਿੰਘ ਭੈਣੀਬਾਘਾ ਤੋਂ ਇਲਾਵਾ ਬਠਿੰਡਾ, ਬਰਨਾਲਾ, ਲੁਧਿਆਣਾ, ਮਾਨਸਾ, ਸੰਗਰੂਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਹਿਬ, ਕਪੂਰਥਲਾ, ਫਰੀਦਕੋਟ, ਮੁਹਾਲੀ, ਮੋਗਾ, ਮਲੇਰਕੋਟਲਾ ਅਤੇ ਜਲੰਧਰ ਜ਼ਿਲਿਆਂ ਤੋਂ ਕਿਸਾਨ ਆਗੂ ਸ਼ਾਮਲ ਸਨ। ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਕਿਸਾਨ ਲਹਿਰ ਦੇ ਸੁਹਿਰਦ ਹਮਦਰਦ ਸਾਥੀਆਂ ਵੱਲੋਂ ਇਕੱਠਾ ਕੀਤਾ 45,200/- ਰੁਪਏ ਫੰਡ ਸਾਥੀ ਗੁਰਮੀਤ ਸੁਖਪੁਰ ਰਾਹੀਂ ਭੇਜਣ ਲਈ ਫੰਡ ਦੇਣ ਵਾਲੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।