ਝੋਨੇ ਸਮੇਤ 14 ਫਸਲਾਂ ‘ਤੇ MSP ਵਾਧੇ ਨੂੰ ਜਮਹੂਰੀ ਕਿਸਾਨ ਸਭਾ ਨੇ ਕੀਤਾ ਰੱਦ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਜਮਹੂਰੀ ਕਿਸਾਨ ਸਭਾ ਪੰਜਾਬ ਨੇ ਕੇਂਦਰ ਸਰਕਾਰ ਵਲੋਂ ਫ਼ਸਲਾਂ ਦੇ ਭਾਅ ਦਾ ਵਾਧਾ ਰੱਦ ਕਰਦਿਆਂ ਕਿਹਾ ਕਿ ਸਰਕਾਰ ਦਾ ਦੁਗਣੀ ਆਮਦਨ ਦੇ ਵਾਅਦੇ ਦਾ ਪਰਦਾ ਚਾਕ ਹੋ ਗਿਆ ਹੈ।
ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਇਥੇ ਕਿਹਾ ਕਿ ਝੋਨੇ ਦੇ ਭਾਅ ਦਾ ਵਾਧਾ ਸਿਰਫ਼ 5.31 ਫ਼ੀਸਦ, ਮੱਕੀ ਦਾ ਵਾਧਾ 6.45 ਫ਼ੀਸਦ ਅਤੇ ਮੂੰਗੀ ਦਾ ਵਾਧਾ 1.44 ਫ਼ੀਸਦ ਦੇ ਮੁਕਾਬਲੇ ਮਹਿੰਗਾਈ ਦਾ ਬੇਓੜਕ ਵਾਧਾ ਹੋਇਆ ਹੈ।
ਕਿਸਾਨਾਂ ਦੇ ਲਾਗਤ ਖ਼ਰਚੇ ਕਾਫੀ ਵੱਧ ਗਏ ਹਨ, ਜਿਸ ਕਾਰਨ ਇਹ ਨਿਗੂਣਾ ਵਾਧਾ ਊਠ ਤੋਂ ਛਾਨਣੀ ਲਾਹੁਣ ਬਰਾਬਰ ਹੀ ਹੈ।
ਆਗੂਆਂ ਨੇ ਕਿਹਾ ਕਿ ਝੋਨੇ ਨੂੰ ਛੱਡ ਕੇ ਕਿਸੇ ਵੀ ਹੋਰ ਫ਼ਸਲ ਦੀ ਸਰਕਾਰੀ ਖਰੀਦ ਦੀ ਕੋਈ ਗਾਰੰਟੀ ਨਾ ਹੋਣ ਕਾਰਨ ਬਾਕੀ ਫ਼ਸਲਾਂ ਦੇ ਭਾਅ ਦੇ ਵਾਧੇ ਦਾ ਵੀ ਮਹਿਜ਼ ਐਲਾਨ ਹੀ ਰਹਿ ਜਾਂਦਾ ਹੈ।
ਇਸ ਐਲਾਨ ਦਾ ਕਿਸਾਨਾਂ ਦੀ ਜੇਬ ਨੂੰ ਕੋਈ ਫਾਇਦਾ ਨਹੀਂ ਮਿਲਦਾ, ਸਗੋਂ ਇਸ ਨਾਮ ਹੇਠ ਮਹਿੰਗਾਈ ਜ਼ਰੂਰ ਵੱਧਦੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਖਰੀਦ ਦੀ ਗਾਰੰਟੀ ਦੇ ਨਾਲ-ਨਾਲ ਮਹਿੰਗਾਈ ਅਤੇ ਲਾਗਤ ਖਰਚਿਆਂ ਨੂੰ ਦੇਖਦੇ ਹੋਏ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ਾਂ ਮੁਤਾਬਿਕ ਸੀ2+50 ਪ੍ਰਤੀਸ਼ਤ ਅਨੁਸਾਰ ਫ਼ਸਲਾਂ ਦੇ ਭਾਅ ਦਿੱਤੇ ਜਾਣ, ਜਿਸ ਨਾਲ ਹੀ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ।