ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਲੁਧਿਆਣਾ ‘ਚ AAP ਸਰਕਾਰ ਅਤੇ ਵਿਭਾਗ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਭਰਤੀ ਇਸ਼ਤਿਹਾਰ ਜਾਰੀ ਕਰਨ ਦੀ ਜ਼ੋਰਦਾਰ ਮੰਗ, AAP ਦੇ ਉਮੀਦਵਾਰ ਸੰਜੀਵ ਅਰੋੜਾ ਦੇ ਘਰ ਦਿੱਤਾ ਮੰਗ ਪੱਤਰ
ਪੰਜਾਬ ਨੈੱਟਵਰਕ, ਲੁਧਿਆਣਾ
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਇੱਥੋਂ ਦੇ ਆਰਤੀ ਚੌਂਕ ਵਿਖੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਉਹ ਮੰਗ ਕਰ ਰਹੇ ਹਨ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਨਿਯੁਕਤੀ ਯਕੀਨੀ ਬਣਾਉਣ ਲਈ ਭਰਤੀ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।
ਯੂਨੀਅਨ ਨੇ ਰੋਸ ਕੀਤਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਇਹ ਬਿਆਨ ਦੇ ਕੇ ਸੂਬੇ ਦੇ ਬੇਰੁਜ਼ਗਾਰ ਅਧਿਆਪਕਾਂ ਵਿਚ ਬੇਚੈਨੀ ਪੈਦਾ ਕਰ ਦਿੱਤੀ ਹੈ ਕਿ, ਸਰਕਾਰੀ ਸਕੂਲਾਂ ਵਿਚ ਈਟੀਟੀ ਅਧਿਆਪਕਾਂ ਦੀਆਂ ਨਿਯੁਕਤੀਆਂ ਬਹੁਤ ਹੋ ਗਈਆਂ ਹਨ, ਤੇ ਅੱਗੋਂ ਮਾਸਟਰ ਕਾਡਰ, ਲੈਕਚਰਾਰ ਅਤੇ ਪ੍ਰਿੰਸੀਪਲ ਹੀ ਭਰਤੀ ਕੀਤੇ ਜਾਣਗੇ।
ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦੱਸਿਆ ਕਿ, ਉਹਨਾਂ ਪਹਿਲਾਂ ਦੋ ਸਾਲਾ ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ ਕੋਰਸ(ਈਟੀਟੀ) ਕੋਰਸ ਕੀਤਾ , ਉਪਰੰਤ ਸਰਕਾਰੀ ਸਕੂਲਾਂ ਵਿਚ ਈਟੀਟੀ ਅਧਿਆਪਕਾਂ ਦਾ ਸਖਤ ਮੁਕਾਬਲੇ ਵਾਲਾ ਟੀਚਰਜ਼ ਐਲਿਜੀਬਿਲਟੀ ਟੈਸਟ (ਟੈੱਟ ਪ੍ਰੀਖਿਆ) ਦੋ ਸਾਲ ਲਗਾਤਾਰ ਲਿਆ ਜਾਂਦਾ ਰਿਹਾ ਤੇ ਉਹ ਇਹ ਟੈਸਟ ਵੀ ਪਾਸ ਕਰ ਗਏ।
ਉਹਨਾਂ ਕਿਹਾ ਕਿ, ਅਧਿਆਪਕ ਟ੍ਰੇਨਿੰਗ ਅਤੇ ਟੈੱਟ ਟੈਸਟ ਪਾਸ ਕਰਨ ਉਪਰੰਤ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀਆਂ ਦੀ ਆਸ ਬੱਝ੍ਹੀ ਸੀ, ਪ੍ਰੰਤੂ ਸਿੱਖਿਆ ਮੰਤਰੀ ਦੇ ਇੱਕੋ ਬਿਆਨ ਨੇ ਉਹਨਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਉਹਨਾਂ ਇਹ ਰੋਸ ਵੀ ਕੀਤਾ ਕਿ, ਜੇਕਰ ਸਿੱਖਿਆ ਮੰਤਰੀ ਦੇ ਬਿਆਨ ਅਨੁਸਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਨਿਯੁਕਤੀਆਂ ਅੱਗੋਂ ਨਾ ਕੀਤੀਆਂ ਗਈਆਂ ਤਾਂ ਉਹਨਾਂ ਦਾ ਚਾਰ ਸਾਲਾਂ ਦਾ ਸਮਾਂ ਅਤੇ ਖਰਚਿਆ ਲੱਖਾਂ ਰੁਪਏ ਬਰਬਾਦ ਹੋ ਜਾਵੇਗਾ।
ਆਗੂਆਂ ਇਹ ਵੀ ਇੰਕਸਾਫ ਕੀਤਾ ਕਿ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿੰਨ ਸਾਲਾਂ ਵਿਚ ਈਟੀਟੀ ਅਧਿਆਪਕਾਂ ਦੀ ਭਰਤੀ ਕਰਨ ਲਈ ਇੱਕ ਵੀ ਇਸ਼ਤਿਹਾਰ ਜਾਰੀ ਨਹੀਂ ਕੀਤਾ, ਜਦਕਿ ਸਾਰੇ ਭਰਤੀ ਇਸ਼ਤਿਹਾਰ ਕਾਂਗਰਸ ਸਰਕਾਰ ਵੇਲੇ ਹੀ ਜਾਰੀ ਹੋਏ। ਉਹਨਾਂ ਕਿਹਾ ਕਿ ਇਸ ਮਾਮਲੇ ਤੇ ਉਹ ਸਿੱਖਿਆ ਮੰਤਰੀ ਨਾਲ ਬਹਿਸ ਕਰਨ ਲਈ ਵੀ ਤਿਆਰ ਹਨ।
ਜਥੇਬੰਦੀ ਨੇ ਇਹ ਸਵਾਲ ਵੀ ਉਠਾਇਆ ਕਿ, ਜੇਕਰ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਭਰਤੀ ਕਰਨੀ ਹੀ ਨਹੀਂ ਸੀ, ਤਾਂ ਬੇਰੁਜ਼ਗਾਰਾਂ ਨੂੰ ਦੋ ਸਾਲਾ ਅਧਿਆਪਕ ਟ੍ਰੇਨਿੰਗ ਅਤੇ ਟੈੱਟ ਪ੍ਰੀਖਿਆ ਆਯੋਜਿਤ ਕਰਕੇ ਉਹਨਾਂ ਦਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਕਿਉਂ ਕੀਤਾ?
ਜਥੇਬੰਦੀ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ, ਮੁੱਖ ਮੰਤਰੀ ਇਸ ਮਾਮਲੇ ਤੇ ਉਹਨਾਂ ਨੂੰ ਗੱਲਬਾਤ ਦਾ ਸਮਾਂ ਦੇਣ ਅਤੇ ਭਰਤੀ ਇਸ਼ਤਿਹਾਰ ਜਾਰੀ ਕਰਕੇ ਨਿਯੁਕਤੀਆਂ ਕੀਤੀਆਂ ਜਾਣ, ਆਉਣ ਵਾਲੇ ਸਮੇਂ ਵਿੱਚ ਹੋਰ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਵੀ ਦਿੱਤੀ। ਇਕੱਠ ਨੂੰ ਜਥੇਬੰਦੀ ਦੇ ਬਲਵੰਤ ਸਿੰਘ ਪਟਿਆਲਾ, ਪਰਮਜੀਤ ਸਿੰਘ ਮਾਨਸਾ, ਰਾਜਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਬਠਿੰਡਾ ਤੋਂ ਨਵਦੀਪ ਬੱਲੀ, ਮੁਕਤਸਰ ਸਾਹਿਬ ਤੋਂ ਪ੍ਰਿਆ, ਮਾਨਸਾ ਤੋਂ ਹਰਪ੍ਰੀਤ ਕੌਰ, ਲੁਧਿਆਣਾ ਤੋਂ ਵਿਕਰਮਜੀਤ ਸਿੰਘ, ਅੰਮ੍ਰਿਤਸਰ ਤੋਂ ਜੱਸਾ ਸਿੰਘ, ਲਖਵਿੰਦਰ ਸਿੰਘ, ਫਾਜ਼ਿਲਕਾ ਤੋਂ ਅੰਕੁਸ਼ ਕੰਬੋਜ, ਵਰਿੰਦਰ ਕੁਮਾਰ ਆਦਿ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਸੰਜੀਵ ਅਰੋੜਾ ਦੇ ਘਰ ਤੱਕ ਰੋਸ ਮਾਰਚ ਵੀ ਕੀਤਾ, ਜਿੱਥੇ ਉਹਨਾਂ ਦੇ ਨਿਜੀ ਸਹਾਇਕ ਨੇ ਇੱਕ ਹਫ਼ਤੇ ਤੱਕ ਸੰਜੀਵ ਅਰੋੜਾ ਵਲੋਂ ਵਫ਼ਦ ਨਾਲ ਮੀਟਿੰਗ ਕਰਨ ਅਤੇ ਸਿੱਖਿਆ ਮੰਤਰੀ ਤੋਂ ਵਾਜਬ ਹੱਲ ਕਰਵਾਉਣ ਦਾ ਵਿਸ਼ਵਾਸ ਵੀ ਦਵਾਇਆ।