ਵਿਸਾਖੀ ਅਤੇ ਖਾਲਸਾ ਪੰਥ: ਆਤਮਿਕ ਜਾਗਰਤੀ ਅਤੇ ਸਮਾਜਿਕ ਇਨਕਲਾਬ ਦਾ ਸੰਦੇਸ਼
ਲੇਖਕਾ: ਪਰਮਜੀਤ ਕੌਰ ਸਰਾਂ, ਸਰਕਾਰੀ ਪ੍ਰਾਇਮਰੀ ਸਕੂਲ, ਦੁਆਰੇਆਣਾ
‘ਖਾਲਸਾ’ ਸ਼ਬਦ ਫ਼ਾਰਸੀ ਭਾਸ਼ਾ ਤੋਂ ਆਇਆ ਹੈ, ਜਿਸਦੇ ਅਰਥ ਵਿਦਵਾਨਾਂ ਨੇ “ਨਿੱਜੀ ਸੰਪਤੀ” ਕੀਤੇ ਹਨ। ਸਭ ਤੋਂ ਪਹਿਲਾਂ ਇਹ ਸ਼ਬਦ ਅਕਬਰ ਬਾਦਸ਼ਾਹ ਦੇ ਮਾਲ ਮੰਤਰੀ ਰਾਜਾ ਟੋਡਰ ਮੱਲ ਨੇ ਉਸ ਜ਼ਮੀਨ ਲਈ ਵਰਤਿਆ ਸੀ ਜਿਸ ਉੱਤੇ ਕੋਈ ਵਿਵਾਦ ਜਾਂ ਮਾਮਲਾ ਨਹੀਂ ਸੀ ਅਤੇ ਜੋ ਸਿੱਧੀ ਤੌਰ ‘ਤੇ ਬਾਦਸ਼ਾਹ ਦੇ ਖ਼ਜ਼ਾਨੇ ਵਿੱਚ ਜਾਂਦੀ ਸੀ।
ਇਸੇ ਤਰ੍ਹਾਂ “ਖਾਲਸਾ” ਵੀ ਵਾਹਿਗੁਰੂ ਜੀ ਦੀ ਮਲਕੀਅਤ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਖਾਲਸੇ ਨੂੰ ਸਿੱਧਾ ਅਕਾਲ ਪੁਰਖ ਨਾਲ ਜੋੜ ਦਿੱਤਾ। ਉਹ ਲੋਕ ਜੋ ਸਦੀਆਂ ਤੋਂ ਹੇਠਲੇ ਵਰਗਾਂ ਵਿੱਚ ਗਿਣੇ ਜਾਂਦੇ ਸਨ, ਜਿਨ੍ਹਾਂ ਨੂੰ ਪੈਰਾਂ ਹੇਠ ਲਤਾੜਿਆ ਜਾਂਦਾ ਸੀ, ਉਨ੍ਹਾਂ ਨੂੰ ਗੁਰੂ ਸਾਹਿਬ ਨੇ “ਸਰਦਾਰ” ਬਣਾ ਦਿੱਤਾ। ਉਨ੍ਹਾਂ ਨੂੰ ਰਾਜਸੀ ਹਿੰਮਤ ਦਿੱਤੀ, ਬਾਦਸ਼ਾਹੀਆਂ ਬਖ਼ਸ਼ੀਆਂ, ਬਾਜਾਂ ਵਰਗੀ ਦਲੇਰੀ ਨਿਵਾਜੀ।
ਗੁਰੂ ਸਾਹਿਬ ਨੇ ਜੋ ਕਿਹਾ, ਉਹ ਸੱਚ ਕਰ ਦਿਖਾਇਆ:
> “ਸਾਹਿਬਾਂ ਦੇ ਬੋਲ ਗੂੰਜੇ ਸਨ,
ਜਿਨ ਕੀ ਜਾਤ ਬਰਨ ਕੁਲ ਮਾਹਿ। ਸਰਦਾਰੀ ਨਹੀ ਬਈ ਕਦਾਹੀ।
ਤਿਨ ਹੀ ਕੋ ਸਰਦਾਰ ਬਣਾਊਂ।
ਭੂਪਨ ਕੇ ਸੰਗ ਰੰਕ ਲੜਾਊਂ।
ਚਿੜੀਓ ਸੇ ਮੈਂ ਬਾਜ ਤੜਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਾਊਂ।”
ਉਸ ਸਮੇਂ ਲੋਕਾਂ ਵਿੱਚ ਇੰਨੀ ਨਿਰਬਲਤਾ ਸੀ ਕਿ ਉਹ ਆਪਣੇ- ਆਪਣੇ ਕਿੱਤਿਆਂ ‘ਚ ਮਸਤ ਹੋ ਗਏ ਸਨ। ਜਿਵੇਂ ਭਾਈ ਦਇਆ ਸਿੰਘ, ਅੰਮ੍ਰਿਤ ਛਕਣ ਤੋਂ ਪਹਿਲਾਂ ਕਹਿੰਦੇ ਹਨ:
> “ਕਾਮ ਹਮਾਰਾ ਤੋਲਣ ਤਕੜੀ,
ਨੰਗੀ ਕਰਦ ਕਭੀ ਨਹੀਂ ਪਕੜੀ,
ਚਿੜੀ ਉਡੇ ਤੋਂ ਮੈਂ ਡਰ ਜਾਊ,
ਮੁਗਲਣ ਸਿਉਂ ਕੈਸੇ ਲੜ ਪਾਉ?”
ਪਰ ਜਿਵੇਂ ਹੀ ਉਹ ਅੰਮ੍ਰਿਤ ਧਾਰੀ ਬਣਦੇ ਹਨ, ਉਹੀ ਲੋਕ ਕਹਿੰਦੇ ਹਨ:
> “ਅਬ ਧਰ ਲੂੰਗਾ ਹਰ ਇੱਕ ਕੋ,ਸ਼ਮਸ਼ੀਰ ਕੇ ਆਗੇ। ਰੱਖ ਦੂੰਗਾ ਆਪਣਾ ਮੈਂ ਸੀਨਾ ਚੀਰ ਕੇ ਆਗੇ।
ਦੁਨੀਆਂ ਤੋਂ ਝੁਕਤੀ ਹੈ ਤਕਦੀਰ ਕੇ ਆਗੇ।
ਅਬ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ!”
ਮਨੂ ਸਮ੍ਰਿਤੀ ਦੀ ਵਰਣ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ – ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ।
ਬ੍ਰਾਹਮਣ ਨੇ ਪੂਜਾ-ਪਾਠ ਅਤੇ ਅਹਿੰਸਾ ਦੇ ਨਾਰਿਆਂ ਰਾਹੀਂ ਨਿਮਾਣੇ ਲੋਕਾਂ ਨੂੰ ਨਿਪੁੰਸਕਤਾ ਵੱਲ ਧੱਕ ਦਿੱਤਾ।
ਖੱਤਰੀ ਤਾਕਤ ਦਾ ਪ੍ਰਤੀਕ ਬਣ ਗਿਆ।
ਵੈਸ਼ ਵਰਗ ਖੇਤੀਬਾੜੀ ਤੇ ਵਣਜ ਵਪਾਰ ਵਿੱਚ ਲੱਗ ਗਿਆ।
ਚੌਥਾ ਵਰਗ – ਸ਼ੂਦਰ – ਤਿੰਨਾਂ ਦੀ ਸੇਵਾ ਲਈ ਨਿਯੁਕਤ ਕੀਤਾ ਗਿਆ, ਤੇ ਉਸ ਨੂੰ ਤਿਰਸਕਾਰ ਕਰਕੇ ਹੇਠਾਂ ਗਿਣਿਆ ਗਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਾਤੀ ਪੱਖਪਾਤੀ ਢਾਂਚੇ ਨੂੰ ਤੋੜਿਆ, ਅਤੇ ਸਭ ਨੂੰ ਖਾਲਸੇ ਦੇ ਰਾਹੀਂ ਅਕਾਲ ਪੁਰਖ ਨਾਲ ਜੋੜ ਦਿੱਤਾ।
ਵਿਸਾਖੀ ਦੀ ਮਹੱਤਤਾ ਇਥੇ ਹੀ ਖ਼ਤਮ ਨਹੀਂ ਹੁੰਦੀ। ਇਹ ਸੂਰਜ ਦੀ ਤਿਥੀ ਨਾਲ ਜੁੜਿਆ ਹੋਇਆ ਹਿੰਦੂ ਧਾਰਮਿਕ ਤਿਉਹਾਰ ਵੀ ਹੈ। “ਵਿਸਾਖੀ” ਸ਼ਬਦ ਦਾ ਅਰਥ ਹੈ — “ਵੇਸ ਦੀ ਸ਼ਾਖ” ਜਾਂ ਨਵੇਂ ਵੇਸ ਦਾ ਪ੍ਰਦਰਸ਼ਨ। ਕਿਸਾਨਾਂ ਲਈ ਇਹ ਖ਼ੁਸ਼ੀ ਦੀ ਘੜੀ ਹੁੰਦੀ ਹੈ, ਕਿਉਂਕਿ ਰਬੀ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ, ਤੇ ਖਰੀਫ਼ ਦੀ ਤਿਆਰੀ ਸ਼ੁਰੂ ਹੁੰਦੀ ਹੈ।
ਇਤਿਹਾਸਕ ਤੌਰ ‘ਤੇ ਵੀ ਇਹ ਦਿਨ ਬਹੁਤ ਮਹੱਤਵਪੂਰਨ ਹੈ।
13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਹੋਈ।
13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ਼ ਹੱਤਿਆਕਾਂਡ ਵਾਪਰਿਆ, ਜਿਸ ਨੇ ਸਾਡੇ ਆਜ਼ਾਦੀ ਸੰਘਰਸ਼ ਨੂੰ ਨਵਾਂ ਰੁਖ਼ ਦਿੱਤਾ।
ਸਿੱਟੇ ਵਜੋਂ, ਵਿਸਾਖੀ ਸਾਡੀ ਧਾਰਮਿਕ ਆਤਮਿਕਤਾ, ਖੇਤੀਬਾੜੀ, ਇਤਿਹਾਸਕ ਚੇਤਨਾ ਅਤੇ ਰਾਸ਼ਟਰੀ ਜਾਗਰੂਕਤਾ ਨੂੰ ਜੋੜਣ ਵਾਲਾ ਤਿਉਹਾਰ ਹੈ।
ਇਹ ਸਾਨੂੰ ਸਿਖਾਉਂਦਾ ਹੈ ਕਿ ਜੇ ਆਸਥਾ, ਆਤਮਿਕਤਾ ਅਤੇ ਅਨੁਸ਼ਾਸਨ ਨਾਲ ਮਨੁੱਖ ਖੁਦ ਨੂੰ ਤਿਆਰ ਕਰ ਲਏ, ਤਾਂ ਚਿੜੀਆਂ ਵੀ ਬਾਜਾਂ ਨਾਲ ਲੜ ਸਕਦੀਆਂ ਹਨ।