ਪੰਜਾਬ ‘ਚ ਵਾਪਰੀ ਵੱਡੀ ਵਾਰਦਾਤ! ਪੈਟਰੋਲ ਪੰਪ ‘ਤੇ ਤੇਲ ਪਵਾਉਣ ਆਏ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਮੁਲਾਜ਼ਮ ਦੀ ਮੌਤ
ਚੰਡੀਗੜ੍ਹ
ਪੰਜਾਬ ‘ਚ ਵਾਪਰੀ ਵੱਡੀ ਵਾਰਦਾਤ: ਪੰਜਾਬ ਵਿੱਚ ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਮਜੀਠਾ ਹਲਕੇ ਵਿੱਚ ਇੱਕ ਪੈਟਰੋਲ ਪੰਪ ਤੇ ਤੇਲ ਪਵਾਉਣ ਆਏ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਪੰਪ ਦੇ ਇੱਕ ਮੁਲਾਜ਼ਮ ਦੀ ਜਿੱਥੇ ਮੌਤ ਹੋ ਗਈ, ਉੱਥੇ ਹੀ ਦੋ ਹੋਰ ਜ਼ਖਮੀ ਹੋ ਗਏ।
ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਮਜੀਠਾ ਕੱਥੂਨੰਗਲ ਰੋਡ ’ਤੇ ਪਿੰਡ ਕਲੇਰ ਮਾਂਗਟ ਸਥਿਤ ਪੈਟਰੋਲ ਪੰਪ ’ਤੇ ਕਰੀਬ 8 ਵਜੇ ਕੁੱਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਵਲੋਂ ਪੰਪ ਦੇ ਕਰਿੰਦਿਆਂ ਨੂੰ ਆਪਣੇ ਵਾਹਨ ਵਿੱਚ ਤੇਲ ਪਾਉਣ ਲਈ ਕਿਹਾ ਗਿਆ।
ਇਸ ਦੌਰਾਨ ਕਰਿੰਦਿਆਂ ਵਲੋਂ ਪੰਪ ਬੰਦ ਹੋਣ ਤੇ ਤੇਲ ਪਾਉਣ ਤੋਂ ਇਨਕਾਰੀ ਕਰਨ ’ਤੇ ਹਮਲਾਵਰਾਂ ਵਲੋਂ ਤਿੰਨਾਂ ਕਰਿੰਦਿਆਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਇੱਕ ਵਿਅਕਤੀ ਦੀ ਛਾਤੀ ਵਿੱਚ ਗੋਲੀ ਲੱਗੀ।
ਜਿਸ ਕਾਰਨ ਉਸਦੀ ਮੌਤ ਹੋ ਗਈ, ਜਦੋਂਕਿ ਦੂਜੇ ਦੋਵੇਂ ਮੁਲਾਜ਼ਮ ਵੀ ਮਾਮੂਲੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਗੌਤਮ ਵਾਸੀ ਯੂਪੀ ਵਜੋਂ ਹੋਈ ਹੈ।
ਪੰਪ ’ਤੇ ਹਮਲਾਵਰਾਂ ਵਲੋਂ ਲੁੱਟ ਖੋਹ ਨਹੀਂ ਕੀਤੀ ਗਈ- ਪੰਪ ਮਾਲਕ
ਪੰਪ ਦੇ ਮਾਲਕ ਜਤਿੰਦਰ ਸਿੰਘ ਲਾਟੀ ਨੰਬਰਦਾਰ ਨੇ ਦੱਸਿਆ ਕਿ ਪੰਪ ’ਤੇ ਹਮਲਾਵਰਾਂ ਵਲੋਂ ਲੁੱਟ ਖੋਹ ਨਹੀਂ ਕੀਤੀ ਗਈ, ਪੰਪ ਕਰਮਚਾਰੀਆਂ ਵਲੋਂ ਤੇਲ ਪਾਉਣ ਤੋਂ ਇਨਕਾਰ ਕਰਨ ’ਤੇ ਹਮਲਾਵਰਾਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਥਾਣਾ ਮਜੀਠਾ ਦੇ ਐਸਐਚਓ ਪ੍ਰਭਜੀਤ ਸਿੰਘ ਤੇ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਏ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ।