ਵੱਡੀ ਖ਼ਬਰ: ਪੰਜਾਬ ‘ਚ AAP ਵਿਧਾਇਕ ਦੇ ਟਿਕਾਣਿਆਂ ‘ਤੇ ਛਾਪੇਮਾਰੀ!
ਚੰਡੀਗੜ੍ਹ –
ਮੁਹਾਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪ੍ਰਮੁੱਖ ਰੀਅਲ ਐਸਟੇਟ ਉਦਯੋਗਪਤੀ ਕੁਲਵੰਤ ਸਿੰਘ ਦੇ ਠਿਕਾਣਿਆਂ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ।
ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਈਡੀ ਦੀ ਦਿੱਲੀ ਟੀਮ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਕੁਲਵੰਤ ਸਿੰਘ ਦੀ ਰੀਅਲ ਐਸਟੇਟ ਕੰਪਨੀ ਜਨਤਾ ਲੈਂਡ ਪ੍ਰੋਮੋਟਰਸ ਲਿਮਟਿਡ ਅਤੇ ਉਨ੍ਹਾਂ ਦੇ ਸਾਹਮਣੇ ਘਰ ‘ਤੇ ਕਾਰਵਾਈ ਕੀਤੀ।
ਸੂਤਰਾਂ ਮੁਤਾਬਕ, ਕੁਲਵੰਤ ਸਿੰਘ ਘਰ ‘ਤੇ ਮੌਜੂਦ ਨਹੀਂ ਸਨ, ਪਰ ਈਡੀ ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਈਡੀ ਦੇ ਸਰੋਤਾਂ ਅਨੁਸਾਰ, ਇਹ ਛਾਪੇਮਾਰੀ ਪਰਲ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਦੇ ਘੋਟਾਲੇ ਨਾਲ ਜੁੜੀ ਹੋਈ ਹੈ। ਇਸ ਮਾਮਲੇ ‘ਚ ਇਹ ਦੋਸ਼ ਹੈ ਕਿ ਪੀਏਸੀਐਲ ਦੇ ਡਾਇਰੈਕਟਰਾਂ ਨੇ ਨਿਵੇਸ਼ਕਾਂ ਦੇ ਪੈਸੇ ਨੂੰ ਕਈ ਫ਼ਰਜ਼ੀ ਕੰਪਨੀਆਂ ‘ਚ ਟਰਾਂਸਫ਼ਰ ਕਰਕੇ ਗ਼ਬਨ ਕੀਤਾ ਸੀ।
ਇਸ ਤੋਂ ਬਾਅਦ ਇਨ੍ਹਾਂ ਪੈਸਿਆਂ ਨੂੰ ਕੈਸ਼ ਵਜੋਂ ਕੱਢ ਕੇ ਪੀਏਸੀਐਲ ਦੇ ਮੁੱਖ ਸਹਿਯੋਗੀਆਂ ਨੂੰ ਦਿੱਤਾ ਗਿਆ ਅਤੇ ਹਵਾਲੇ ਦੇ ਜ਼ਰੀਏ ਵਿਦੇਸ਼ੀ ਕੰਪਨੀਆਂ ਨੂੰ ਪ੍ਰਾਪਰਟੀ ਖ਼ਰੀਦਣ ਲਈ ਭੇਜ ਦਿੱਤਾ ਗਿਆ। ਈਡੀ ਇਸੇ ਮਾਮਲੇ ਦੀ ਜਾਂਚ ਕਰ ਰਹੀ ਹੈ।