Punjab News: ਅਧਿਆਪਕਾਂ ਨੂੰ ਮੀਟਿੰਗ ਦਾ ਸੱਦਾ ਦੇ ਕੇ ਖੁਦ ਗਾਇਬ ਹੋਏ ਮੰਤਰੀ ਸਾਬ੍ਹ, ਦੁਖੀ ਆਗੂਆਂ ਨੇ ਕਿਹਾ- ਅਖੌਤੀ ਬਦਲਾਅ ਹਕੂਮਤ ਦਾ VIP ਮਖੌਟਾ ਹੋਇਆ ਨੰਗਾ!
Punjab News –
ਲਗਾਤਾਰ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੇ ਅਨਏਡਿਡ ਅਧਿਆਪਕ ਫ਼ਰੰਟ ਪੰਜਾਬ ਨੂੰ ਅਖੌਤੀ ਬਦਲਾਅ (AAP) ਸਰਕਾਰ ਵਲੋਂ ਇੱਕ ਵਾਰ ਫਿਰ ਮਜਾਕ ਦਾ ਪਾਤਰ ਬਣਾ ਦਿਤਾ ਗਿਆ। ਇਸ ਸਭ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਅਤੇ ਮੀਤ ਪ੍ਰਧਾਨ ਸੁਖਚੈਨ ਸਿੰਘ ਜੌਹਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਸਰਕਾਰ ਨੇ ਪ੍ਰਸ਼ਾਸਨ ਵਲੋਂ ਦਿਤੀ ਗਈ 15 ਅਪ੍ਰੈਲ ਦੀ ਮੀਟਿੰਗ ਨੂੰ ਟਾਲਿਆ ਹੋਵੇ, ਪਹਿਲਾਂ ਵੀ ਕਈ ਵਾਰ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦੇ ਕੇ ਚੰਡੀਗੜ੍ਹ ਸੱਦਿਆ ਗਿਆ ਅਤੇ ਫਿਰ ਖਾਲੀ ਹੱਥ ਬਿਨਾਂ ਕਿਸੇ ਗੱਲਬਾਤ ਦੇ ਮੋੜ ਦਿਤਾ ਗਿਆ।
ਯੂਨੀਅਨ ਵਲੋਂ 23 ਮਾਰਚ ਨੂੰ ਖੱਟਕੜ ਕਲਾਂ ਵਿਚ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਸਮਾਗਮ ਵਿਚ ਸ਼ਿਰਕਤ ਕਰਨ ਆ ਰਹੇ ਮੁੱਖ ਮੰਤਰੀ ਦੇ ਵਿਰੁੱਧ ਰੋਸ ਪ੍ਰਦਰਸ਼ਨ ਲਈ ਰਾਜ ਪੱਧਰੀ ਰੈਲੀ ਆਯੋਜਿਤ ਕੀਤੀ ਗਈ ਸੀ, ਜਿਸ ਨੂੰ ਟਾਲਣ, ਨਮੋਸ਼ੀ ਤੋਂ ਬਚਣ ਅਤੇ ਅਪਣਾ ਲੋਕ ਵਿਰੋਧੀ ਚੇਹਰਾ ਬਚਾਉਣ ਲਈ ਯੂਨੀਅਨ ਉੱਤੇ ਪ੍ਰਸ਼ਾਸਨ ਵਲੋਂ ਗੱਲਬਾਤ ਦਾ ਰਾਹ ਅਪਨਾਉਣ ਲਈ ਦਬਾਅ ਬਣਾਇਆ ਗਿਆ।
ਜਿਸ ਤੋਂ ਬਾਅਦ ਯੂਨੀਅਨ ਨੂੰ 15 ਅਪ੍ਰੈਲ 2025 ਨੂੰ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਦਾ ਭਰੋਸਾ ਦਿੰਦਿਆਂ ਪੱਤਰ ਦਿਤਾ ਗਿਆ। ਪਰ ਫਿਰ ਓਹੋ…! ਲੋਕ ਵਿਰੋਧੀ ਨੀਤੀ ਅਪਣਾਓਦਿਆਂ ਇੱਕ ਵਾਰ ਯੂਨੀਅਨ ਦੇ ਨੁਮਾਇੰਦਿਆਂ ਨੂੰ ਚੰਡੀਗੜ੍ਹ ਸੱਦ ਕੇ ਖਜਲ ਖੁਆਰ ਕਰਦਿਆਂ ਕਹਿ ਦਿਤਾ ਗਿਆ ਕਿ ਤੁਹਾਡੀ ਤਾਂ ਕੋਈ ਮੀਟਿੰਗ ਹੀ ਮੰਤਰੀ ਸਾਬ ਦੇ ਨਾਲ ਨਿਯਤ ਨਹੀਂ ਹੋਈ।
ਆਗੂਆਂ ਨੇ ਦੋਸ਼ ਲਾਇਆ ਕਿ ਵਾਰ ਵਾਰ ਸਰਕਾਰ ਵਲੋਂ ਅਪਣਾਈ ਜਾ ਰਹੀ ਇਸ ਨੀਤੀ ਦੇ ਕਾਰਨ ਯੂਨੀਅਨ ਵਿਚ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਤੋਂ ਭਰੋਸਾ ਵੀ ਟੁੱਟ ਚੁੱਕਾ ਹੈ। ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਕਿ ਹੁਣ ਸਰਕਾਰ ਦਾ ਭਰੋਸਾ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਲਾਰਿਆਂ ਤੇ ਡੰਗ ਟੱਪਾਊ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਲਈ ਜਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਖਾਸ ਕਰਕੇ ਲੁਧਿਆਣਾ ਜ਼ਿਮਨੀ ਇਲੈਕਸ਼ਨ ਵਿਚ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇਗਾ।