ਵੱਡੀ ਖ਼ਬਰ: ਅਧਿਆਪਕਾਂ ਨੇ ਆਦਰਸ਼ ਸਕੂਲ ਨੂੰ ਫੇਰ ਲਾਇਆ ਜਿੰਦਰਾ
ਬਠਿੰਡਾ
ਬਠਿੰਡਾ ਪ੍ਰਸ਼ਾਸਨ ਵੱਲੋਂ ਆਦਰਸ਼ ਸਕੂਲ ਚਾਉਕੇ ਵਿੱਚ ਚੱਲ ਰਹੇ ਧਰਨੇ ਨੂੰ ਖਦੇੜਨ ਤੋਂ ਬਾਅਦ ਫਿਰ ਧਰਨਾਕਾਰੀ ਅਧਿਆਪਕ ਭਰਾਤਰੀ ਜਥੇਬੰਦੀਆਂ ਦੀ ਮਦਦ ਨਾਲ ਸਕੂਲ ਨੂੰ ਜਿੰਦਰਾ ਲਗਾ ਕੇ ਸਕੂਲ ਦੇ ਗੇਟ ਅੱਗੇ ਧਰਨੇ ’ਤੇ ਬੈਠ ਗਏ।
ਉਨ੍ਹਾਂ ਕੱਲ੍ਹ ਵਾਲੀ ਕਾਰਵਾਈ ਖ਼ਿਲਾਫ਼ ਸਾਰੇ ਪਿੰਡ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਸਕੂਲ ਦੇ ਮੁੱਖ ਗੇਟ ਨੂੰ ਫਿਰ ਜਿੰਦਰਾ ਮਾਰ ਕੇ ਧਰਨਾ ਸ਼ੁਰੂ ਕਰ ਦਿੱਤਾ।
ਅਧਿਆਪਕ ਆਗੂ ਬਲਵਿੰਦਰ ਸਿੰਘ, ਸੰਦੀਪ ਸਿੰਘ, ਪਵਨਦੀਪ ਕੌਰ ਤੇ ਨਵਨੀਤ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਰੁਜ਼ਗਾਰ ਦੀ ਰਾਖੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਇਹ ਆਦਰਸ਼ ਸਕੂਲ ਸਰਕਾਰ ਵੱਲੋਂ ਪ੍ਰਾਈਵੇਟ ਭਾਈਵਾਲੀ ਨਾਲ ਮਿਲ ਕੇ ਚਲਾਇਆ ਜਾ ਰਿਹਾ ਸੀ। ਸਕੂਲ ਅਧਿਆਪਕਾਂ ਨੇ ਸਕੂਲ ਮੈਨੇਜਮੈਂਟ ’ਤੇ ਕੁਝ ਅਧਿਆਪਕਾਂ ਨੂੰ ਜਬਰੀ ਹਟਾਉਣ ਅਤੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਾ ਦੇਣ ਦੇ ਦੋਸ਼ ਲਗਾਏ ਸਨ।
ਉਧਰ, ਸਕੂਲ ਮੈਨੇਜਮੈੈਂਟ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਅਧਿਆਪਕਾਂ ਨੇ ਪੰਜਾਬ ਸਰਕਾਰ ’ਤੇ ਇਨਸਾਫ਼ ਦੇਣ ਦੀ ਥਾਂ ਦੂਸਰੀ ਧਿਰ ਦਾ ਪੱਖ ਪੂਰਨ ਦਾ ਦੋਸ਼ ਲਾਇਆ।
ਅਧਿਆਪਕਾਂ ਨੇ ਮੰਗ ਕੀਤੀ ਕਿ ਡੀਸੀ ਬਠਿੰਡਾ ਵੱਲੋਂ ਕੀਤੀ ਇਨਕੁਆਰੀ ਦੀ ਰਿਪੋਰਟ ਸਰਕਾਰ ਜਲਦੀ ਹੀ ਜਨਤਕ ਕਰੇ। ਦੂਜੇ ਪਾਸੇ ਬੀਤੇ ਦਿਨ ਜ਼ਖਮੀ ਹੋਏ ਅਧਿਆਪਕਾਂ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਿਹਾ।