ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਡਾ. ਸੰਦੀਪ ਸਿੰਘ ਮੁੰਡੇ ਨੂੰ ‘ਐਸੋਸੀਏਟ ਮੈਂਬਰ’ ਵਜੋਂ ਨਾਮਜ਼ਦ ਕੀਤਾ
ਪੰਜਾਬ ਨੈੱਟਵਰਕ, ਸ੍ਰੀਗੰਗਾਨਗਰ-
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਡਾ. ਸੰਦੀਪ ਸਿੰਘ ਮੁੰਡੇ ਦੇ ਵਿਸ਼ੇਸ਼ ਯੋਗਦਾਨ ਦਾ ਸਤਿਕਾਰ ਕਰਦਿਆਂ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਨੇ ਉਨ੍ਹਾਂ ਨੂੰ ‘ਐਸੋਸੀਏਟ ਮੈਂਬਰ’ ਵਜੋਂ ਨਾਮਜ਼ਦ ਕੀਤਾ ਹੈ। ਇਹ ਮਾਣਪੂਰਕ ਅਹੁਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੀ ਨਿਰੰਤਰ ਸੇਵਾ, ਪ੍ਰਚਾਰ-ਪ੍ਰਸਾਰ ਅਤੇ ਅਕਾਦਮਿਕ ਯੋਗਦਾਨ ਲਈ ਦਿੱਤਾ ਗਿਆ ਹੈ।
ਡਾ. ਮੁੰਡੇ ਰਾਜਸਥਾਨ ਵਿੱਚ ਪੰਜਾਬੀ ਭਾਸ਼ਾ ਦੀ ਉੱਚ ਸਿੱਖਿਆ ਲਈ ਮਿਸਾਲੀ ਕਾਰਜ ਕਰ ਰਹੇ ਹਨ। ਇਸ ਸਮੇਂ ਡਾ. ਮੁੰਡੇ ਗੁਰੂ ਹਰਗੋਬਿੰਦ ਸਾਹਿਬ ਪੀ.ਜੀ. ਕਾਲਜ, ਸ੍ਰੀਗੰਗਾਨਗਰ ਵਿਖੇ ਪ੍ਰਿੰਸੀਪਲ ਅਤੇ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਉਹ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ ਵਿਖੇ ਬੋਰਡ ਆਫ ਸਟੱਡੀਜ਼, ਪੰਜਾਬੀ ਦੇ ਕਨਵੀਨਰ ਅਤੇ ਪਹਿਲੇ ਖੋਜ ਨਿਗਰਾਨ ਹਨ।
ਉਨ੍ਹਾਂ ਦੀ ਯੋਗ ਅਗਵਾਈ ਵਿੱਚ ਹੀ ਰਾਜਸਥਾਨ ਦੀ ਇੱਕੋ-ਇਕ ਸਟੇਟ ਯੂਨੀਵਰਸਿਟੀ ਵਿਖੇ ਪੰਜਾਬੀ ਵਿਸ਼ੇ ‘ਚ ਖੋਜ ਕਾਰਜ (ਪੀਐਚ.ਡੀ.) ਦੀ ਸ਼ੁਰੂਆਤ ਹੋਈ ਹੈ। ਹੁਣ ਤਕ ਇਨ੍ਹਾਂ ਨੇ ਤਿੰਨ ਕਿਤਾਬਾਂ ਲਿਖੀਆਂ ਹਨ ਅਤੇ ਚਾਰ ਕਿਤਾਬਾਂ ਦਾ ਸੰਪਾਦਨ ਕੀਤਾ ਹੈ ਜੋ ਯੂਨੀਵਰਸਿਟੀ ਕੋਰਸ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਉਹ ਰਾਜਸਥਾਨ ਦੇ ਪਹਿਲੇ ਅੰਤਰਰਾਸ਼ਟਰੀ ਪੀਅਰ-ਰੀਵਿਊਡ ਅਤੇ ਇੰਡੈਕਸਡ ਆਨਲਾਈਨ ਖੋਜ ਜਰਨਲ ‘ਅਰਮਾਨ’ ਦੇ ਮੁੱਖ ਸੰਪਾਦਕ ਹਨ, ਜਿਸ ਰਾਹੀਂ ਉਹ ਪੰਜਾਬੀ ਅਕਾਦਮਿਕ ਲਿਖਤਾਂ ਨੂੰ ਵਿਸ਼ਵ ਪੱਧਰ ‘ਤੇ ਲੈ ਕੇ ਗਏ ਹਨ।
ਡਾ. ਮੁੰਡੇ ਨੂੰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਮਾਣ-ਸਨਮਾਨ ਵੀ ਮਿਲੇ ਹਨ। ਇਸ ਵੇਲੇ ਡਾ. ਸੰਦੀਪ ਸਿੰਘ ਮੁੰਡੇ ਰਾਜ ਪੱਧਰੀ ਸੰਗਠਨ ‘ਰਾਜਸਥਾਨ ਪੰਜਾਬੀ ਐਸੋਸੀਏਸ਼ਨ ਸੰਸਥਾ’ ਦੇ ਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਰਾਜਸਥਾਨ ਰਾਜ ਤਾਲਮੇਲ ਕਮੇਟੀ ਦੇ ਮੈਂਬਰ ਦੇ ਨਾਲ-ਨਾਲ ਕਈ ਹੋਰ ਦੇਸ਼-ਵਿਦੇਸ਼ ਦੀਆਂ ਪੰਜਾਬੀ ਸੰਸਥਾਵਾਂ ਦੇ ਜੀਵਨ ਮੈਂਬਰ ਹਨ।
ਡਾ. ਮੁੰਡੇ ਪੰਜ ਵਿਸ਼ਿਆਂ- ਅਰਥ ਸ਼ਾਸਤਰ, ਪੰਜਾਬੀ, ਮਨੋਵਿਗਿਆਨ, ਭੂਗੋਲ ਅਤੇ ਸਿੱਖਿਆ ਵਿੱਚ ਪੋਸਟ ਗ੍ਰੈਜੂਏਸ਼ਨ, ਤਿੰਨ ਵਿਸ਼ਿਆਂ- ਅਰਥ ਸ਼ਾਸਤਰ, ਪੰਜਾਬੀ ਅਤੇ ਸਿੱਖਿਆ ਵਿੱਚ ਯੂਜੀਸੀ ਨੈੱਟ ਅਤੇ ਪੰਜਾਬੀ ਤੇ ਅਰਥ ਸ਼ਾਸਤਰ ਵਿੱਚ ਪੀਐਚ.ਡੀ. ਦੀ ਡਿਗਰੀ ਹਾਸਿਲ ਕਰ ਚੁੱਕੇ ਹਨ। ਉਨ੍ਹਾਂ ਦੇ ਆਰਟੀਕਲ ਅਤੇ ਖੋਜ-ਪੱਤਰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਲਗਾਤਾਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦਾ ਐਸੋਸੀਏਟ ਮੈਂਬਰ ਬਣਨ ‘ਤੇ ਡਾ. ਮੁੰਡੇ ਨੂੰ ਦੇਸ਼ਾਂ-ਵਿਦੇਸ਼ਾਂ ’ਚੋਂ ਵਧਾਈਆਂ ਮਿਲ ਰਹੀਆਂ ਹਨ।