‘ਸਿੱਖਿਆ ਕ੍ਰਾਂਤੀ’ ਵੰਡਣ ਗਏ ਸਪੀਕਰ ਸੰਧਵਾਂ ਨੂੰ ਕਿਸਾਨਾਂ ਨੇ ਘੇਰਿਆ! ਗੱਲਬਾਤ ਦਾ ਕਹਿ ਕੇ ਕੁੱਝ ਸੈਕਿੰਡ ਚ ਨਿਕਲਿਆ
ਫ਼ਰੀਦਕੋਟ
ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਿਸ਼ਰੀਵਾਲਾ, ਮੋਰਾਂਵਾਲੀ, ਘੁਮਿਆਰਾ ਅਤੇ ਚੰਦਬਾਜਾ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪਹੁੰਚੇ ਸਨ।
ਪਹਿਲਾਂ ਕਿਸਾਨਾਂ ਨੇ ਸਪੀਕਰ ਸੰਧਵਾਂ ਨੂੰ ਪਿੰਡ ਮਿਸ਼ਰੀਵਾਲਾ ਵਿਚ ਗੱਲਬਾਤ ਕਰਨ ਲਈ ਮਿਲਣਾ ਚਾਹਿਆ ਪਰ ਸਪੀਕਰ ਸੰਧਵਾਂ ਦੇ ਬਿਨ੍ਹਾਂ ਗੱਲਬਾਤ ਕੀਤੇ ਅਗਲੇ ਪਿੰਡ ਚਲੇ ਜਾਣ ‘ਤੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਕਾਫੀ ਬਹਿਸਬਾਜੀ ਹੋਈ ਸੀ।
ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪਿੰਡ ਚੰਦਬਾਜਾ ਵਿਚ ਹੋਣ ਵਾਲੇ ਸਪੀਕਰ ਸੰਧਵਾਂ ਦੇ ਸਮਾਗਮ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਤਾਂ ਪ੍ਰਸ਼ਾਸਨ ਕੇ ਪੁਲਿਸ ਅਧਿਕਾਰੀਆ ਨਾਲ ਹੋਈ ਗੱਲਬਾਤ ਤੋਂ ਬਾਅਦ ਕਿਸਾਨਾਂ ਨੂੰ ਸਪੀਕਰ ਸੰਧਵਾਂ ਨਾਲ ਗੱਲਬਾਤ ਕਰਨ ਦਾ ਸਮਾਂ ਦੇ ਦਿੱਤਾ ਗਿਆ।
ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਦੇ ਕਮਰੇ ਵਿਚ ਦੋ ਕਿਸਾਨ ਬੀਬੀਆਂ ਅਤੇ 2 ਮਰਦ ਕਿਸਾਨ ਆਗੂਆਂ ਨਾਲ ਸਪੀਕਰ ਸੰਧਵਾਂ ਗੱਲਬਾਤ ਕਰਨ ਲਈ ਜਿਵੇਂ ਹੀ ਅੰਦਰ ਵੜੇ ਤਾਂ ਉਹਨੀਂ ਪੈਂਰੀ ਹੀ ਉਹ ਮਹਿਜ 10 ਸੈਕਿੰਡ ਵਿਚ ਕਮਰੇ ਵਿਚੋਂ ਬਾਹਰ ਆ ਗਏ ਅਤੇ ਮੀਡੀਆ ਨਾਲ ਗੱਲਬਾਤ ਕਰਦਿਆ ਉਹਨਾਂ ਕਿਸਾਨਾਂ ‘ਤੇ ਇਲਜ਼ਾਮ ਲਗਾਇਆ ਕਿ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ ਸਗੋਂ ਸਿਰਫ ਵੀਡੀਓ ਹੀ ਬਣਾਉਣਾ ਚਾਹੁੰਦੇ ਸਨ, ਇਸੇ ਲਈ ਉਹ ਬਾਹਰ ਆ ਗਏ।
ਕਿਸਾਨ ਆਗੂ ਸੋਨਾ ਸਿੰਘ ਮਿਸ਼ਰੀ ਵਾਲਾ ਨੇ ਸੰਧਵਾਂ ਦੇ ਰਵੱਈਏ ‘ਤੇ ਉਹਨਾਂ ਨੂੰ ਕੋਸਿਆ। ਦੂਸਰੇ ਪਾਸੇ ਕੁਲਤਾਰ ਸਿੰਘ ਸੰਧਵਾਂ ਦੇ ਸਮਾਗਮ ਦੌਰਾਨ ਪਿੰਡ ਦੇ ਬਹੁਤੇ ਲੋਕਾਂ ਨੇ ਸਿੱਖਿਆ ਕ੍ਰਾਂਤੀ ਤਹਿਤ ਹੋਣ ਵਾਲੇ ਸਮਾਗਮ ਤੋਂ ਦੂਰੀ ਬਣਾਈ ਰੱਖੀ, ਸਕੂਲੀ ਬੱਚਿਆਂ ਨੂੰ ਛੱਡ ਕੇ ਪਿੰਡ ਦੇ ਬਹੁਤੇ ਲੋਕ ਸਮਾਗਮ ਵਿਚ ਹਾਜਰ ਨਹੀਂ ਹੋਏ। ptc