ਪੰਜਾਬ ‘ਚ ਅਧਿਆਪਕਾ ਨਾਲ 23 ਲੱਖ ਰੁਪਏ ਦੀ ਠੱਗੀ!
ਪੁਲਿਸ ਵੱਲੋਂ ਦੋ ਵਿਅਕਤੀਆਂ ਖਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ
ਤਰਨਤਾਰਨ:
ਸਾਈਬਰ ਅਪਰਾਧੀਆਂ ਨੇ ਨਵੇਂ-ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਸੇਵਾਮੁਕਤ ਪ੍ਰਾਈਵੇਟ ਅਧਿਆਪਕ ਨਾਲ ਇੱਕ ਧੋਖੇਬਾਜ਼ ਨੇ ਠੱਗੀ ਮਾਰੀ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਇੱਕ ਸੇਵਾਮੁਕਤ ਅਧਿਆਪਕਾ ਨਾਲ ਧੋਖੇਬਾਜ਼ਾਂ ਨੇ ਫਰਜ਼ੀ ਪੁਲਿਸ ਕਾਲ ਰਾਹੀਂ 23 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਸਬੰਧੀ ਸਾਈਬਰ ਸੈੱਲ ਥਾਣੇ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਸਾਈਬਰ ਪੁਲਿਸ ਸਟੇਸ਼ਨ ਤਰਨਤਾਰਨ ਦੀ ਇੰਚਾਰਜ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਕਲੋਨੀ ਪੱਟੀ ਦੇ ਵਸਨੀਕ ਸੁਖਵਿੰਦਰ ਸਿੰਘ ਦੀ ਪਤਨੀ ਦਲਜੀਤ ਕੌਰ, ਜੋ ਕਿ ਇੱਕ ਸੇਵਾਮੁਕਤ ਪ੍ਰਾਈਵੇਟ ਅਧਿਆਪਕਾ ਹੈ, ਨੇ ਸ਼ਿਕਾਇਤ ਦਰਜ ਕਰਵਾਈ ਹੈ।
ਧੋਖਾਧੜੀ ਦਾ ਸ਼ਿਕਾਰ ਹੋਈ ਅਧਿਆਪਕਾ ਨੇ ਦੱਸਿਆ ਕਿ ਉਸ ਨਾਲ ਇੱਕ ਔਨਲਾਈਨ ਕਾਲ ਰਾਹੀਂ 23 ਲੱਖ ਰੁਪਏ ਦੀ ਠੱਗੀ ਮਾਰੀ ਗਈ ਅਤੇ ਹਵਾਲਾ ਪੈਸੇ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ।
ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਵੈਂਕਟੇਸਨ ਪੁੱਤਰ ਚਿੰਨਾਸਮਣ ਨਿਵਾਸੀ ਤਿਹਾਰੂਪੱਤਰ, ਤਾਮਿਲਨਾਡੂ ਅਤੇ ਕੁਸ਼ਵਾਹਾ ਅਨੰਤ ਪੁੱਤਰ ਅਨੰਤ ਬਾਨੀ ਨਿਵਾਸੀ ਮਾਲਗਾਹ, ਉੱਤਰ ਪ੍ਰਦੇਸ਼ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇੰਸਪੈਕਟਰ ਨਰਿੰਦਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਮਾਨਯੋਗ ਅਦਾਲਤ ਤੋਂ ਜਾਅਲੀ ਪੁਲਿਸ ਰਿਪੋਰਟ ਜਾਂ ਸੰਮਨਾਂ ਸੰਬੰਧੀ ਕੋਈ ਕਾਲ ਆਉਂਦੀ ਹੈ, ਤਾਂ ਉਹ ਤੁਰੰਤ ਸਾਈਬਰ ਪੁਲਿਸ ਸਟੇਸ਼ਨ ਨਾਲ ਸੰਪਰਕ ਕਰ ਸਕਦਾ ਹੈ।