ਵੱਡੀ ਖ਼ਬਰ: ਭਗਵੰਤ ਮਾਨ ਵੱਲੋਂ ਸਾਰੇ DCs ਨੂੰ ਸਖ਼ਤ ਹੁਕਮ ਜਾਰੀ, ਕਿਹਾ- ਫ਼ਸਲਾਂ ਦੇ ਨੁਕਸਾਨ ਦੀ ਜਾਂਚ ਰਿਪੋਰਟ ਜਲਦ ਕਰੋ ਤਿਆਰ
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਫਸਲਾਂ ਦੇ ਨੁਕਸਾਨ ਦੀ ਜਾਂਚ ਕਰਨ ਦੇ ਦਿੱਤੇ ਨਿਰਦੇਸ਼ ,ਹਰ ਨੁਕਸਾਨ ਦੀ ਕੀਤੀ ਜਾਵੇਗੀ ਭਰਪਾਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਵਿੱਚ ਇਸ ਸੀਜ਼ਨ ਦੌਰਾਨ ਕਣਕ ਦੀ ਚੋਖੀ ਫਸਲ ਹੋਈ ਹੈ, ਇਸ ਲਈ ਕੇਂਦਰੀ ਪੂਲ ਭਾਵ, 124 ਲੱਖ ਮੀਟਰਕ ਟਨ ਕਣਕ ਦਾ ਟੀਚਾ ਨਿਰਵਿਘਨ ਪ੍ਰਾਪਤ ਕੀਤਾ ਜਾ ਸਕਦਾ ਹੈ। ਮੰਤਰੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਹਰ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ।
ਭਗਵੰਤ ਮਾਨ ਵੱਲੋਂ ਸਾਰੇ DCs ਨੂੰ ਸਖ਼ਤ ਹੁਕਮ ਜਾਰੀ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਨੂੰ ਹਾਲ ਹੀ ਵਿੱਚ ਆਈ ਹਨੇਰੀ, ਸ਼ਾਰਟ ਸਰਕਟ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਸੀਐਮ ਨੇ ਸਾਰੇ ਡੀਸੀਜ਼ ਨੂੰ ਕਿਹਾ ਕਿ ਉਹ ਜਲਦ ਤੋਂ ਜਲਦ ਨੁਕਸਾਨ ਹੋਈ ਫ਼ਸਲ ਦੀ ਰਿਪੋਰਟ ਤਿਆਰ ਕਰਕੇ ਦੇਣ ਤਾਂ, ਜੋ ਕਿਸਾਨਾਂ ਨੁੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ।
ਫਸਲ ਦੀ ਚੁਕਾਈ ਵਿੱਚ ਕੋਈ ਦੇਰੀ ਨਹੀਂ ਹੋ ਰਹੀ- ਲਾਲ ਚੰਦ ਕਟਾਰੂਚੱਕ
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਹਨਾਂ ਨੇ ਚੱਲ ਰਹੀ ਖਰੀਦ ਦਾ ਨਿਰੀਖਣ ਕਰਨ ਲਈ ਸੂਬੇ ਦੀਆਂ ਮੰਡੀਆਂ ਦਾ ਦੌਰਾ ਕਰਦਿਆਂ ਪਾਇਆ ਕਿ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋ ਰਹੀ ਹੈ ਕਿਉਂਕਿ ਸੂਬਾ ਸਰਕਾਰ ਨੇ ਵਿਸਤ੍ਰਿਤ ਪ੍ਰਬੰਧ ਯਕੀਨੀ ਬਣਾਏ ਹਨ।
ਕਿਸਾਨਾਂ ਨੂੰ ਭੁਗਤਾਨ ਦਾ ਹਵਾਲਾ ਦਿੰਦੇ ਹੋਏ, ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਰਾਜ ਸਰਕਾਰ ਖਰੀਦ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਕਰ ਰਹੀ ਹੈ ਅਤੇ ਫਸਲ ਦੀ ਚੁਕਾਈ ਵਿੱਚ ਕੋਈ ਦੇਰੀ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ, ਖਰੀਦ ਏਜੰਸੀਆਂ ਅਤੇ ਹੋਰ ਭਾਈਵਾਲਾਂ ਨੂੰ ਲੋੜੀਂਦੇ ਬਾਰਦਾਨੇ, ਤਰਪਾਲਾਂ ਅਤੇ ਕਰੇਟਾਂ ਸਮੇਤ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮਾੜੇ ਮੌਸਮ ਦੀ ਸਥਿਤੀ ਵਿੱਚ ਫਸਲ ਦੀ ਸੁਰੱਖਿਆ ਕੀਤੀ ਜਾ ਸਕੇ।