Punjab News: ਸਕੂਲ ‘ਚ ਲੜਕੀ ਨਾਲ ਸਮੂਹਿਕ ਬਲਾਤਕਾਰ, FIR ਦਰਜ
ਬਠਿੰਡਾ –
ਬਠਿੰਡਾ ਪੁਲਿਸ ਦੇ ਵਲੋਂ ਸਕੂਲ ਵਿੱਚ ਲੜਕੀ ਨਾਲ ਸਮੂਹਿਕ ਬਲਾਕਤਾਰ ਦੇ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ, 6 ਜਣਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਥਾਣਾ ਦਿਆਲਪੁਰਾ ਦੇ ਇੰਚਾਰਜ ਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਜਿਸ ਲੜਕੀ ਦੇ ਨਾਲ ਰੇਪ ਹੋਇਆ, ਉਹ ਮਾਨਸਿਕ ਤੌਰ ‘ਤੇ ਕਮਜ਼ੋਰ ਸੀ ਅਤੇ ਇਸੇ ਦਾ ਫਾਇਦਾ ਚੁੱਕਦੇ ਹੋਏ 6 ਮੁੰਡਿਆਂ ਨੇ ਉਸ ਨਾਲ ਰੇਪ ਕੀਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਨਪ੍ਰੀਤ ਸਿੰਘ, ਜਸਵੀਰ ਸਿੰਘ, ਦਿਲਵਰ ਸਿੰਘ, ਹਰਦੀਪ ਸਿੰਘ, ਵਿਸ਼ਾਲ ਸਿੰਘ ਅਤੇ ਮੰਗਲਜੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਪੀੜਤਾ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਤਿੰਨ ਬੱਚੇ ਹਨ। ਇਨ੍ਹਾਂ ’ਚ 15 ਸਾਲਾ ਧੀ ਮਾਨਸਿਕ ਤੌਰ ’ਤੇ ਕਮਜ਼ੋਰ ਹੈ। 13 ਅਪ੍ਰੈਲ ਨੂੰ ਉਸਦੇ ਗੁਆਂਢ ਦੀ ਇਕ ਕੁੜੀ ਉਸ ਦੀ ਧੀ ਨੂੰ ਮੇਲੇ ’ਚ ਲੈ ਗਈ ਪਰ ਸ਼ਾਮ ਤਕ ਉਸ ਦੀ ਧੀ ਘਰ ਵਾਪਸ ਨਹੀਂ ਆਈ।
ਜਦੋਂ ਉਨ੍ਹਾਂ ਭਾਲ ਕੀਤੀ ਤਾਂ ਉਹ ਇਲਾਕੇ ਦੇ ਇਕ ਸਰਕਾਰੀ ਸਕੂਲ ’ਚ ਮਿਲੀ। ਉੱਥੇ ਕੁਝ ਨੌਜਵਾਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਫਿਰ ਉਸ ਨੂੰ ਛੱਡ ਕੇ ਭੱਜ ਗਏ। ਪੁਲਿਸ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ 6 ਨੂੰ ਕਾਬੂ ਕਰ ਲਿਆ ਹੈ।