ਚੰਡੀਗੜ੍ਹੀਆਂ ਨੂੰ ਵੱਡਾ ਝਟਕਾ! ਪ੍ਰਸਾਸ਼ਨ ਨੇ ਵਧਾਇਆ ਪ੍ਰਾਪਰਟੀ ਟੈਕਸ- ਭਾਜਪਾ ਨੇ ਕੀਤਾ ਵਿਰੋਧ
ਚੰਡੀਗੜ੍ਹ ’ਚ ਵਧੇ ਹੋਏ ਪ੍ਰਾਪਰਟੀ ਟੈਕਸ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਭਾਜਪਾ ਦੇ ਵਫ਼ਦ ਨੇ UT ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
ਮੀਡੀਆ PBN, ਚੰਡੀਗੜ੍ਹ
ਭਾਜਪਾ ਲੀਡਰ ਜਤਿੰਦਰ ਪਾਲ ਮਲਹੋਤਰਾ, ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਅਤੇ ਸਾਰੇ ਭਾਜਪਾ ਪਾਰਸ਼ਦਾਂ ਦੇ ਇਕ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਰਾਜ ਭਵਨ ਵਿੱਚ ਮੁਲਾਕਾਤ ਕੀਤੀ।
ਇਹ ਮੁਲਾਕਾਤ ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਵਧਾਏ ਗਏ ਰਿਹਾਇਸ਼ੀ ਅਤੇ ਵਪਾਰਕ ਪ੍ਰਾਪਰਟੀ ਟੈਕਸ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਹੋਈ। ਵਫ਼ਦ ਨੇ ਪ੍ਰਸ਼ਾਸਕ ਨੂੰ ਇਕ ਯਾਦ ਪੱਤਰ ਦਿੱਤਾ, ਜਿਸ ਵਿੱਚ ਟੈਕਸ ਵਿੱਚ ਹੋਈ ਵਾਧੂ ਰਕਮ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਵਾਧੂ ਟੈਕਸ ਨਾਗਰਿਕਾਂ ਅਤੇ ਵਪਾਰੀਆਂ ਦੋਹਾਂ ਲਈ ਵਿੱਤੀ ਬੋਝ ਬਣ ਗਿਆ ਹੈ ਅਤੇ ਇਸਦੀ ਮੁੜ ਸਮੀਖਿਆ ਕਰਨੀ ਲਾਜ਼ਮੀ ਹੈ।
ਭਾਜਪਾ ਆਗੂ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਪਾਰਟੀ ਚੰਡੀਗੜ੍ਹ ਦੇ ਨਿਵਾਸੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਟੈਕਸ ਵਾਧੇ ਨੂੰ ਰੱਦ ਕਰਵਾਉਣ ਲਈ ਪ੍ਰਸ਼ਾਸਕ ਕੋਲ ਪੂਰੀ ਗੰਭੀਰਤਾ ਨਾਲ ਮਾਮਲਾ ਰੱਖਿਆ ਗਿਆ।
ਉਨ੍ਹਾਂ ਕਿਹਾ ਕਿ ਇਹ ਵਾਧਾ ਮੌਜੂਦਾ ਹਾਲਾਤਾਂ ਅਤੇ ਲੋੜਾਂ ਅਨੁਸਾਰ ਨਹੀਂ ਹੈ। ਮੇਅਰ ਹਰਪ੍ਰੀਤ ਕੌਰ ਬਬਲਾ ਨੇ ਦੱਸਿਆ ਕਿ ਇਹ ਮਾਮਲਾ ਕਾਫੀ ਸਮੇਂ ਤੋਂ ਨਗਰ ਨਿਗਮ ਵਿੱਚ ਚੱਲ ਰਿਹਾ ਸੀ ਅਤੇ ਅੱਜ ਭਾਜਪਾ ਨੇ ਇਕਸੱਥ ਹੋ ਕੇ ਇਹ ਮੰਗ ਅਧਿਕਾਰਕ ਤੌਰ ’ਤੇ ਪ੍ਰਸ਼ਾਸਨ ਦੇ ਸਾਹਮਣੇ ਰੱਖੀ।
ਇਸ ਮੌਕੇ ’ਤੇ ਭਾਜਪਾ ਦੇ ਆਗੂ ਰਾਮਵੀਰ ਭੱਟੀ ਅਤੇ ਰਾਜ ਕਿਸ਼ੋਰ ਵੀ ਵਫ਼ਦ ਵਿੱਚ ਸ਼ਾਮਲ ਸਨ। ਉਨ੍ਹਾਂ ਵੀ ਟੈਕਸ ਵਿੱਚ ਹੋਏ ਵਾਧੇ ਨੂੰ ਅਨੁਚਿਤ ਦੱਸਦਿਆਂ ਤੁਰੰਤ ਰਾਹਤ ਦੀ ਮੰਗ ਕੀਤੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ, ਉਨ੍ਹਾਂ ਦੇ ਸੁਝਾਵਾਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਵਿਭਾਗੀ ਪੱਧਰ ’ਤੇ ਵਿਚਾਰ ਕਰਕੇ ਇਸ ਮਾਮਲੇ ’ਤੇ ਗੰਭੀਰਤਾ ਨਾਲ ਕਾਰਵਾਈ ਕੀਤੀ ਜਾਵੇਗੀ।