ਪਾਵਰਕਾਮ ਅੰਦਰ ਪੱਕੀ ਭਰਤੀ ਨਹੀਂ ਕੀਤੀ! ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ PSPCL ਮੈਨੇਜਮੈਂਟ ਦੀ ਅਰਥੀ ਫੂਕੀ
ਟੈਕਨੀਕਲ ਸਰਵਿਸਿਜ ਯੂਨੀਅਨ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਖਰੜ ਅਤੇ ਲਾਲੜੂ ਸਬ ਡਵੀਜ਼ਨ ਨੂੰ ਨਿਜੀ ਹੱਥਾਂ ਵਿੱਚ ਦੇਣ ਵਿਰੁੱਧ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਫੂਕ ਰੋਸ ਰੈਲੀ ਕੀਤੀ ਗਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਮੰਡਲ ਦਫਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਅੱਜ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਇਕੱਠੇ ਹੋ ਕੇ ਨਾਅਰੇਬਾਜੀ ਕੀਤੀ ਗਈ ਅਤੇ ਰੋਸ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਅਤੇ ਪਾਵਰਕਾਮ ਮਨੇਜਮੈਂਟ ਦੀ ਅਰਥੀ ਫੂਕੀ ਗਈ ਅਤੇ ਬੁਲਾਰੇ ਸਾਥੀਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੈਨੇਜਮੈਂਟ ਦੀ ਆਲੋਚਨਾ ਕਰਦੇ ਹੋਏ ਕਿਹਾ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਾਵਰ ਕਾਮ ਅੰਦਰ ਪੱਕੀ ਭਰਤੀ ਨਹੀਂ ਕੀਤੀ ਜਾ ਰਹੀ ਅਤੇ ਕਾਫੀ ਲੰਬਾ ਸਮਾਂ ਪਾਵਰਕਾਮ ਅੰਦਰ ਅਪ੍ਰਿੰਟਸ ਲਾਈਨ ਮੈਨ ਦੀ ਭਾਰਤੀ ਤੇ ਮੁਕੰਮਲ ਪਾਬੰਦੀ ਰਹਿਣ ਕਾਰਨ ਸਹਾਇਕ ਲਾਈਨ ਮੈਨ ਅਤੇ ਲਾਈਨ ਮੈਨਾਂ ਦੀ ਭਰਤੀ ਨਹੀਂ ਹੋ ਰਹੀ ਸੀ।
ਜਿਸ ਕਾਰਨ ਅੱਜ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਬਹਾਨਾ ਬਣਾ ਕੇ ਕਿ ਮੁਲਾਜ਼ਮ ਘੱਟ ਹਨ ਇਹਨਾਂ ਸਬ ਡਵੀਜਨਾਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ, ਜੋ ਕਿ ਮੁਲਾਜ਼ਮ ਅਤੇ ਆਮ ਖਪਤਕਾਰਾਂ ਕਿਸਾਨਾਂ ਨਾਲ ਧੋਖਾ ਹੈ। ਬੁਲਾਰੇ ਸਾਥੀਆਂ ਵੱਲੋਂ ਮੰਗ ਕੀਤੀ ਗਈ ਤੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਿਯਮਾਂ ਵਿੱਚ ਢਿੱਲ ਦੇ ਕੇ ਮਹਿਕਮੇ ਅੰਦਰ ਜਲਦੀ ਟੈਕਨੀਕਲ ਕਾਮਿਆਂ ਦੀ ਭਰਤੀ ਕਰਕੇ ਇਸ ਕੰਮ ਨੂੰ ਸਰਕਾਰੀ ਤੌਰ ਤੇ ਹੀ ਚਲਾਇਆ ਜਾਵੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਾਵਰ ਕਾਮ ਅੰਦਰ ਠੇਕੇਦਾਰੀ ਸਿਸਟਮ ਲਾਗੂ ਹੋਣ ਕਰਕੇ ਕੰਮ ਦਾ ਮਿਆਰ ਪੱਧਰ ਬਹੁਤ ਹੀ ਨੀਵੇਂ ਪੱਧਰ ਦਾ ਹੋ ਰਿਹਾ ਹੈ। ਜਿਸ ਕਾਰਨ ਪਾਵਰਕਾਮ ਅੰਦਰ ਦਿਨ ਪ੍ਰਤੀ ਦਿਨ ਹਾਦਸੇ ਵੱਧ ਰਹੇ ਹਨ। ਅਤੇ ਠੇਕੇਦਾਰਾਂ ਵੱਲੋਂ ਅਨਟਰੇਡ ਕਾਮਿਆਂ ਨੂੰ ਭਰਤੀ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ।
ਇਸ ਰੋਸ ਰੈਲੀ ਹੋਣ ਉਪਰੰਤ ਡਵੀਜ਼ਨ ਪੱਧਰੀ ਸਰਕਲ ਕਨਵੈਂਸ਼ਨ ਵੀ ਕੀਤੀ ਗਈ ਜਿਸ ਵਿੱਚ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਕੈਸ਼ੀਅਰ ਸੰਤੋਖ ਸਿੰਘ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਕਾਮਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਪਰਿਵਾਰਾਂ ਸਮੇਤ ਧਰਨੇ ਮੁਜਾਹਰੇ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਰਕਲ ਸਕੱਤਰ ਤਰਸੇਮ ਲਾਲ ਸਰਕਲ ਕੈਸ਼ੀਅਰ ਰਾਮ ਕ੍ਰਿਸ਼ਨ ਬੈਂਸ ਡਵੀਜ਼ਨ ਆਗੂ ਜਰਨੈਲ ਸਿੰਘ ਕਮਲ ਸਿੰਘ ਫੋਰਮੈਨ ਤੋਂ ਇਲਾਵਾ ਸਬ ਡਵੀਜ਼ਨ ਆਗੂ ਸੰਜੀਵ ਕੁਮਾਰ ਕਸ਼ਮੀਰ ਸਿੰਘ ਮੋਹਨ ਲਾਲ ਰਾਜਪਾਲ ਸਿੰਘ ਸੱਤ ਪਾਲ ਫੋਰਮੈਨ ਮਨਮੋਹਨ ਸਿੰਘ ਪੈਨਸ਼ਨਰ ਐਸੋਸੀਏਸ਼ਨ ਦੇ ਡਵੀਜ਼ਨ ਪ੍ਰਧਾਨ ਭਾਗ ਸਿੰਘ ਭਾਉਵਾਲ ਹਰਦੇਵ ਸਿੰਘ ਬਲਵੰਤ ਸਿੰਘ ਪ੍ਰੀਤਮ ਸਿੰਘ ਰਾਏਪੁਰ ਆਦਿ ਹਾਜ਼ਰ ਸਨ।