Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ‘ਚ 6 ਦਸੰਬਰ ਨੂੰ ਸਾਂਝਾ ਅਧਿਆਪਕ ਮੋਰਚਾ ਵਲੋਂ ਰੋਸ ਪ੍ਰਦਰਸ਼ਨ ਦਾ ਐਲਾਨ
Punjab News: ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਜਿਲ੍ਹਾ ਮੀਟਿੰਗਾਂ ਮੁਕੰਮਲ, ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਦੀ ਤਨਖਾਹ ਕਟੌਤੀ ਨਹੀਂ ਹੋਣ ਦੇਵਾਂਗੇ- ਦੌੜਕਾ
ਪੰਜਾਬ ਨੈੱਟਵਰਕ, ਚੰਡੀਗੜ੍ਹ / ਮੋਹਾਲੀ
Punjab News: ਪਹਿਲੀ ਦਸੰਬਰ ਨੂੰ ਟੈੱਟ ਦਾ ਪੇਪਰ ਹੋਣ ਕਾਰਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਪਿੰਡ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਹੁਣ 6 ਦਸੰਬਰ ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਕੱਲ੍ਹ ਰਾਤ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਹੋਈ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਵਿੱਚ ਰੈਲੀ ਦੀਆਂ ਤਿਆਰੀਆਂ ਅਤੇ ਟੈੱਟ ਦੇ ਪੇਪਰ ਸਬੰਧੀ ਚਰਚਾ ਕਰਦਿਆਂ ਪਹਿਲੀ ਦਸੰਬਰ ਦਾ ਐਕਸ਼ਨ 6 ਦਸੰਬਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਗੁਰਜੰਟ ਸਿੰਘ ਵਾਲੀਆ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਔਲਖ, ਸੁਰਿੰਦਰ ਕੰਬੋਜ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋਂ, ਸ਼ਮਸੇਰ ਸਿਘ ਬੰਗਾ, ਅਮਨਬੀਰ ਸਿੰਘ ਗੁਰਾਇਆ, ਤਜਿੰਦਰ ਸਿੰਘ ਧਰਮਕੋਟ, ਗੁਰਬਿੰਦਰ ਸਿੰਘ ਸਸਕੌਰ, ਪਰਵਿੰਦਰ ਭਾਰਤੀ, ਸੋਮ ਸਿੰਘ, ਰਵਿੰਦਰਜੀਤ ਸਿੰਘ ਪੰਨੂੰ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨਾਲ ਹੋਈ 22 ਅਗਸਤ ਦੀ ਮੀਟਿੰਗ ਦੇ ਫੈਸਲੇ ਨਾ ਲਾਗੂ ਕਰਨ ਦੇ ਰੋਸ ਵਜੋਂ ਦੋਨੋਂ ਡੀ ਐਸ ਈਜ਼ ਰਾਹੀਂ ਰੋਸ ਪੱਤਰ ਸਿੱਖਿਆ ਮੰਤਰੀ ਨੂੰ ਭੇਜੇ ਗਏ ਸਨ। ਜਿਸ ਵਿੱਚ ਸਿੱਖਿਆ ਨੀਤੀ 2020 ਤਹਿਤ ਮਿਡਲ ਸਕੂਲਾਂ ਦੀ ਮਰਜਿੰਗ ਸਬੰਧੀ ਮੋਰਚੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਦੀ ਤਨਖਾਹ ਕਟੌਤੀ ਨਹੀਂ ਹੋਣ ਦਿੱਤੀ ਜਾਵੇਗੀ।
ਲੰਬੇ ਸਮੇਂ ਬਾਅਦ ਹੋਈਆਂ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਵਿਭਾਗ ਨੇ ਆਪਣੀ ਮੰਨ ਮਾਨੀ ਨਾਲ਼ ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ ਹਨ, ਪੰਜਾਬ ਸਰਕਾਰ ਦਿਖਾਵੇ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਵਿਰੋਧ ਕਰਦੀ ਹੈ ਪਰ ਪ੍ਰਮੋਸ਼ਨਾਂ ਸਮੇਂ ਮਿਡਲ, ਹਾਈ ਅਤੇ ਘੱਟ ਗਿਣਤੀ ਵਾਲੇ ਸੀਨੀਅਰ ਸੈਕੰਡਰੀ ਸਕਖਲਾਂ ਨੂੰ ਬੰਦ ਕਰਨ ਦੇ ਇਰਾਦੇ ਨਾਲ ਇਨ੍ਹਾਂ ਸਕੂਲਾਂ ਵਿੱਚ ਨਵੀਆਂ ਨਿਯੁਕਤੀਆਂ ਅਤੇ ਪਦਉਨਤੀਆਂ ਨਹੀਂ ਕੀਤੀਆਂ ਜਾ ਰਹੀਆਂ। ਜਿਸ ਕਾਰਨ ਪੂਰੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅਧਿਆਪਕ ਮੋਰਚੇ ਵੱਲੋਂ ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਸਬੰਧੀ, 2018 ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਸੀ ਐਂਡ ਵੀ ਤੋਂ ਮਾਸਟਰ ਕਾਡਰ ਤਰੱਕੀਆਂ, 873 ਡੀਪੀਈ ਭਰਤੀ ਵਿੱਚੋਂ ਰਹਿੰਦੇ ਉਮੀਦਵਾਰਾਂ ਨੂੰ ਜਲਦ ਆਰਡਰ ਦੇਣ ਸਬੰਧੀ, ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀ ਹੋਈ ਖੱਜਲ ਖੁਆਰੀ ਸਬੰਧੀ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਨੋਟਿਸ ਨਹੀਂ ਲਿਆ। ਸਗੋਂ ਸੀ ਐਂਡ ਵੀ ਕਾਡਰ ਦੇ ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਤੋਂ ਰਿਕਵਰੀ ਦਾ ਪੱਤਰ ਮੁੜ ਜਾਰੀ ਕੀਤਾ ਗਿਆ ਹੈ।
ਸੀ ਈ ਪੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਤੋਂ ਹਟਾ ਕੇ ਫਰਜ਼ੀ ਰਿਕਾਰਡ ਬਣਾਉਣ ਲਈ ਉਲਝਾਇਆ ਜਾ ਰਿਹਾ ਹੈ। ਦੂਜੇ ਪਾਸੇ ਇਹ ਫਰਜੀ ਰਿਕਾਰਡ ਚੈਕ ਕਰਨ ਲਈ ਟੀਮਾਂ ਅਧਿਆਪਕਾਂ ਨੂੰ ਅਲੱਗ ਪ੍ਰੇਸ਼ਾਨ ਕਰ ਰਹੀਆਂ ਹਨ। ਪਹਿਲ਼ਾਂ ਅਧਿਆਪਕ ਸਮਰੱਥ ਪ੍ਰੋਜੈਕਟ ਵਿੱਚ ਲੱਗੇ ਹੋਏ ਸਨ, ਹੁਣ ਸੀ ਈ ਪੀ ਕਰਨ ਵਿੱਚ ਲੱਗੇ ਹੋਏ ਹਨ। ਜਦੋਂ ਕਿ ਇਮਤਿਹਾਨ ਨੇੜੇ ਆ ਰਹੇ ਹਨ ਅਤੇ ਸਿਲੇਬਸ ਦੀ ਪੜ੍ਹਾਈ ਵਿਚਾਲੇ ਹੀ ਛੁਡਵਾ ਲਈ ਗਈ ਹੈ। ਜਿਸ ਕਾਰਨ ਅਧਿਆਪਕ ਵਰਗ ਵਿੱਚ ਵਿੱਚ ਭਾਰੀ ਰੋਸ ਹੈ।
ਉਪਰੋਕਤ ਮੰਗਾਂ ਤੋਂ ਇਲਾਵਾ ਬਹੁਤ ਮੰਗਾਂ ਅਜਿਹੀਆਂ ਹਨ, ਜਿਸ ਪ੍ਰਤੀ ਵਿਭਾਗ ਸੁਹਿਰਦ ਨਹੀਂ ਹੈ, ਜਿਸ ਕਾਰਨ ਸਾਂਝੇ ਅਧਿਆਪਕ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਕਿ 6 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਡੀ ਗਿਣਤੀ ਵਿੱਚ ਅਧਿਆਪਕ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਇਸ ਰੋਸ ਪ੍ਰਦਰਸ਼ਨ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਲਈ ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਅਗਵਾਈ ਵਿੱਚ 21, 22 ਅਤੇ 23 ਨਵੰਬਰ ਨੂੰ ਵੱਖ-ਵੱਖ ਜਿਲ੍ਹਿਆਂ ਦੀਆਂ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ ਹਨ।