ਪਹਿਲਗਾਮ ਹਮਲੇ ‘ਚ ਮਾਰੇ ਗਏ ਸੈਲਾਨੀਆਂ ਨੂੰ ਬਨੇਗਾ ਵਲੰਟੀਅਰਾਂ ਵੱਲੋਂ ਸ਼ਰਧਾਂਜਲੀ
ਜੰਗਾਂ ਅਤੇ ਅੱਤਵਾਦ ਦੇ ਖਾਤਮੇ ਲਈ ਸਰਮਾਏਦਾਰੀ ਪ੍ਰਬੰਧ ਖਿਲਾਫ ਜਮਾਤੀ ਭਾਈਚਾਰਕ ਏਕਤਾ ਦੀ ਲੋੜ:-ਢਾਬਾਂ, ਘੁਬਾਇਆ
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਮਹੀਨਾਵਾਰ ਬਨੇਗਾ ਐਕਸ਼ਨ ਡੇਅ ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਬੇਰਹਿਮ ਹਮਲੇ ਵਿੱਚ ਮਾਰੇ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਇਥੇ ਸਥਾਨਕ ਜਨਰਲ ਬੱਸ ਅੱਡੇ ਸਾਹਮਣੇ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਬਨੇਗਾ ਵਲੰਟੀਅਰਾਂ ਵੱਲੋਂ ਇੱਕ ਪ੍ਰਦਰਸ਼ਨ ਸ਼ਰਧਾਂਜਲੀ ਦੇ ਰੂਪ ਵਿੱਚ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਦੇ ਪ੍ਰਧਾਨ ਅਸ਼ੋਕ ਢਾਬਾਂ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ, ਨਰਿੰਦਰ ਢਾਬਾਂ, ਸੋਨਾ ਧੁਨਕੀਆਂ, ਏਆਈਐਸਐਫ ਦੇ ਜ਼ਿਲ੍ਹਾ ਕੌਂਸਲ ਮੈਂਬਰ ਸੁਰਿੰਦਰ ਬਾਹਮਣੀ ਵਾਲਾ,ਕਰਨ ਹਜ਼ਾਰਾ ਅਤੇ ਸੁਖਚੈਨ ਲਮੋਚੜ ਨੇ ਕੀਤੀ।
ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਘੁਬਾਇਆ ਨੇ ਕਿਹਾ ਕੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਿਛਲੇ 3 ਮਹੀਨਿਆਂ ਤੋਂ ਬਨੇਗਾ ਪ੍ਰਾਪਤੀ ਲਈ ਲਗਾਤਾਰ ਮਹੀਨਾਵਾਰ ਬਨੇਗਾ ਐਕਸ਼ਨ ਡੇਅ ਕੀਤਾ ਜਾਂਦਾ ਹੈ ਪਰ ਇਸ ਵਾਰ ਦਾ ਇਹ ਐਕਸ਼ਨ ਪਹਿਲਗਾਮ ਹਮਲੇ ਵਿੱਚ ਮਰੇ ਸੈਲਾਨੀਆਂ ਨੂੰ ਸ਼ਰਧਾਂਜਲੀ ਵਜੋਂ ਕਰ ਰਹੇ ਹਾਂ।
ਉਹਨਾਂ ਇਸ ਹਮਲੇ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਹਮਲਾ ਸੈਲਾਨੀਆਂ ਤੇ ਨਹੀਂ ਸਗੋਂ ਪੂਰੀ ਮਨੁੱਖਤਾ ਤੇ ਕੀਤਾ ਗਿਆ ਹੈ ਅਤੇ ਇਹ ਸਭ ਤੋਂ ਵੱਡਾ ਹਮਲਾ ਕਸ਼ਮੀਰੀ ਲੋਕਾਂ ਦੇ ਰੁਜ਼ਗਾਰ ਅਤੇ ਰੋਜ਼ੀ ਰੋਟੀ ਤੇ ਹੈ। ਕਸ਼ਮੀਰ ਵਿੱਚ ਸੈਲਾਨੀਆਂ ਦੀ ਆਮਦ ਕਸ਼ਮੀਰੀਆਂ ਦੀ ਮਜ਼ਬੂਤ ਆਰਥਿਕਤਾ ਨਾਲ ਜੁੜਿਆ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਇਸ ਅੱਤਵਾਦੀ ਹਮਲੇ ਨੂੰ ਧਾਰਮਿਕ ਫਿਰਕੂ ਰੰਗਤ ਦੇਣਾ ਵੀ ਬਹੁਤ ਨਿੰਦਣਯੋਗ ਹੈ। ਇਸ ਮੌਕੇ ਸੰਬੋਧਨ ਕਰਦਿਆਂ ਨਰਿੰਦਰ ਢਾਬਾਂ ਅਤੇ ਸੁਰਿੰਦਰ ਬਾਹਮਣੀ ਵਾਲਾ ਨੇ ਕਿਹਾ ਕਿ ਇਹਨਾਂ ਅੱਤਵਾਦੀ ਹਮਲਿਆਂ ਅਤੇ ਜੰਗਾਂ ਦਾ ਮੁੱਖ ਜਿੰਮੇਵਾਰ ਦੁਨੀਆਂ ਦਾ ਸਰਮਾਏ ਦਾਰੀ ਢਾਂਚਾ ਹੈ ਅਤੇ ਜਦੋਂ ਤੱਕ ਇਸ ਸਰਮਾਏ ਦੇ ਦੈਂਤ ਵਿਰੁੱਧ ਸੰਘਰਸ਼ ਨਹੀਂ ਲੜਿਆ ਜਾਂਦਾ ਇਹ ਹਮਲੇ ਵੀ ਨਹੀਂ ਰੁਕਣੇ।
ਉਕਤ ਆਗੂਆਂ ਨੇ ਅੱਗੇ ਕਿਹਾ ਕਿ ਇਹਨਾਂ ਅੱਤਵਾਦੀ ਹਮਲਿਆਂ ਅਤੇ ਦੁਨੀਆਂ ਵਿੱਚ ਚੱਲ ਰਹੀਆਂ ਜੰਗਾਂ ਦੇ ਖਾਤਮੇ ਲਈ ਸੰਸਾਰ ਪੱਧਰ ਜਮਾਤੀ ਭਾਈਚਾਰਕ ਏਕਤਾ ਦੀ ਲੋੜ ਹੈ ਅਤੇ ਇਸ ਜਮਾਤੀ ਏਕਤਾ ਨਾਲ ਹੀ ਇਸ ਮਨੁੱਖਤਾ ਵਿਰੋਧੀ ਦੈਂਤ ਨੂੰ ਹਰਾਇਆ ਜਾ ਸਕਦਾ ਹੈ।
ਉਕਤ ਆਗੂਆਂ ਨੇ ਅੱਗੇ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਲਈ ਸੰਘਰਸ਼ ਕਰ ਰਹੀ ਹੈ ਅਤੇ ਇਸ ਕਾਨੂੰਨ ਦੀ ਪ੍ਰਾਪਤੀ ਨਾਲ ਜਿੱਥੇ ਹਰ ਇੱਕ ਲਈ ਮਨੁੱਖ ਨੂੰ ਕੰਮ ਮਿਲੇਗਾ ਤਾਂ ਕੋਈ ਵੀ ਬੇਰੁਜ਼ਗਾਰ ਨੌਜਵਾਨ ਮਜ਼ਬੂਰੀ ਵੱਸ ਅੱਤਵਾਦ, ਧਾਰਮਿਕ ਫਿਰਕੂ ਜਹਿਰ ਅਤੇ ਜਲਾਲਤ ਦਾ ਸ਼ਿਕਾਰ ਨਹੀਂ ਹੋਵੇਗਾ ਅਤੇ ਚੰਗੇ ਵਿਚਾਰਾਂ ਦਾ ਧਾਰਨੀ ਹੋ ਕੇ ਕਦੇ ਵੀ ਕਿਸੇ ਪਿੱਛੇ ਲੱਗ ਕੇ ਹਥਿਆਰ ਨਹੀਂ ਚੁੱਕੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਮੰਜੂ ਬਾਲਾ, ਬਲਵਿੰਦਰ ਮਹਾਲਮ, ਛਿੰਦਰਪਾਲ ਛੱਪੜੀ ਵਾਲਾ,ਮੰਗਤ ਮਹਾਲਮ, ਬਲਦੇਵ ਘੁਬਾਇਆ,ਰਣਜੀਤ ਖਿਲਚੀਆਂ,ਬਲਕਾਰ ਸਿੰਘ ਚੱਕ ਵਜੀਦਾ ਅਤੇ ਬਲਵਿੰਦਰ ਘੂਰੀ ਨੇ ਵੀ ਸੰਬੋਧਨ ਕੀਤਾ।