All Latest NewsNews FlashPunjab News

ਲੁਧਿਆਣਾ: ਪਿੰਡ ਅਖਾੜਾ ਵਿਖੇ ਕੈਂਸਰ ਫੈਕਟਰੀ ਖਿਲਾਫ ਸੰਘਰਸ਼ ਕਰ ਰਹੇ ਲੋਕਾਂ ਤੇ ਲਾਠੀਚਾਰਜ਼, ਆਗੂਆਂ ਨੂੰ ਕੀਤਾ ਗਿਰਫਤਾਰ

 

 

ਭਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਸਮੇਤ ਕਈ ਜ਼ਿਲ੍ਹਿਆਂ ਦੇ ਆਗੂ ਗ੍ਰਿਫ਼ਤਾਰ

ਕਾਰਪੋਰੇਟ ਘਰਾਣਿਆਂ ਨਾਲ ਯਾਰੀ ਪੁਗਾਉਣ ਲਈ ਭਗਵੰਤ ਮਾਨ ਸਰਕਾਰ ਨੇ ਆਪਣੇ ਲੋਕਾਂ ਤੇ ਕੀਤਾ ਜ਼ਬਰ: ਗੁਰਦੀਪ ਰਾਮਪੁਰਾ

ਹਕੂਮਤ ਦੇ ਜ਼ਬਰ ਦਾ ਟਾਕਰਾ ਜਥੇਬੰਦਕ ਲੋਕ ਤਾਕਤ ਨੂੰ ਮਜ਼ਬੂਤ ਕਰਕੇ ਦੇਵਾਂਗੇ: ਹਰਨੇਕ ਮਹਿਮਾ

ਦਲਜੀਤ ਕੌਰ, ਲੁਧਿਆਣਾ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿਖੇ ਕੈਂਸਰ ਫੈਲਾਉਣ ਵਾਲੀ ਬਾਇਓਗੈਸ ਫੈਕਟਰੀ ਖਿਲਾਫ਼ ਸੰਘਰਸ਼ ਕਰ ਰਹੇ ਪਿੰਡ ਦੇ ਲੋਕਾਂ ਉੱਪਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਹਮਲਾ ਬੋਲ ਦਿੱਤਾ ਗਿਆ। ਪੁਲਿਸ ਨੇ ਰਾਤ ਨੂੰ ਪਿੰਡ ਨੂੰ ਘੇਰਾ ਪਾ ਲਿਆ। ਇਸ ਤੋਂ ਪਹਿਲਾਂ ਸਵੇਰੇ 4 ਵਜੇ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੂੰ ਪੁਲਿਸ ਦੀਆਂ ਵੱਡੀਆਂ ਧਾੜਾਂ ਨੇ ਗ੍ਰਿਫ਼ਤਾਰ ਕਰ ਲਿਆ।

ਇਸੇ ਹੀ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਕੁਲਵੰਤ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ, ਰਾਏਕੋਟ ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ, ਬਲਰਾਜ ਸਿੰਘ ਕੋਟਉਮਰਾ, ਸ਼ਹਿਣਾ ਬਲਾਕ ਦੇ ਆਗੂ ਕਾਲਾ ਜੈਦ ਸਮੇਤ ਪਿੰਡ ਅਖਾੜਾ ਦੇ ਕਿਸਾਨ ਮਰਦ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਖਾੜਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਸਪੀਕਰ ਨੂੰ ਵੀ ਬੰਦ ਕਰਵਾ ਦਿੱਤਾ ਅਤੇ ਅਨਾਊਂਸਮੈਂਟ ਕਰਨ ਤੋਂ ਜ਼ਬਰੀ ਰੋਕਿਆ ਗਿਆ। ਲੁਧਿਆਣਾ ਜ਼ਿਲ੍ਹੇ ਦੇ ਆਗੂਆਂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਜਗਰਾਓਂ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਭਾਕਿਯੂ ਏਕਤਾ-ਡਕੌਂਦਾ ਦੇ ਜ਼ਿਲ੍ਹਾ ਬਰਨਾਲਾ ਦੇ ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ ਦੇ ਘਰ ਵੀ ਛਾਪੇਮਾਰੀ ਕੀਤੀ ਗਈ।

ਇਸ ਸਭ ਕੁੱਝ ਦੇ ਬਾਵਜੂਦ ਅਖਾੜਾ ਪਿੰਡ ਦਾ ਜੀਅ ਜੀਅ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ ਅਤੇ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਵਿੱਚ ਮੋਰਚਾ ਸਥਾਨ ਤੇ ਇਕੱਠਾ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀ ਪੁਲਿਸ ਦੇ ਸਾਹਮਣੇ ਡਟੇ ਹੋਏ ਹਨ। ਆਲੇ ਦੁਆਲੇ ਦੇ ਪਿੰਡਾਂ ਨੇ ਦਹਿਸ਼ਤ ਨੂੰ ਚਕਨਾਚੂਰ ਕਰਦਿਆਂ ਬਰਨਾਲਾ ਜਗਰਾਉਂ ਸੜਕ ਜਾਮ ਕਰ ਦਿੱਤੀ ਹੈ। ਜ਼ਿਲ੍ਹਾ ਲੁਧਿਆਣਾ ਦੇ ਕਈ ਪਿੰਡਾਂ ਅਤੇ ਬਰਨਾਲਾ ਦੇ ਮਹਿਲ ਕਲਾਂ, ਹਰਦਾਸਪੁਰਾ ਅਤੇ ਧਨੇਰ ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਹਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਐਮਰਜੈਂਸੀ ਮੀਟਿੰਗ ਬੁਲਾ ਕੇ ਫੈਸਲਾ ਕੀਤਾ ਹੈ ਕਿ ਕੱਲ੍ਹ 27 ਅਪ੍ਰੈਲ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕਰ ਕੇ ਜਬਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ। ਸੂਬਾ ਕਮੇਟੀ ਨੇ ਕਿਹਾ ਕਿ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਨੇ ਮੰਨਿਆ ਹੈ ਕਿ ਫੈਕਟਰੀ ਪਿੰਡ ਦੇ ਨੇੜੇ ਲਗਾਉਣੀ ਗੈਰ ਕਾਨੂੰਨੀ ਹੈ, ਫੈਕਟਰੀ ਵੱਡੇ ਪੱਧਰ ਤੇ ਪ੍ਰਦੂਸ਼ਣ ਪੈਦਾ ਕਰੇਗੀ ਅਤੇ ਪਿੰਡ ਵਾਸੀਆਂ ਦਾ ਜਿਉਣਾ ਦੁੱਭਰ ਹੋ ਜਾਵੇਗਾ।

ਇਸ ਦੇ ਬਾਵਜੂਦ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਪੁਗਾਉਣ ਲਈ ਪੰਜਾਬ ਸਰਕਾਰ ਨੇ ਆਪਣੇ ਲੋਕਾਂ ਤੇ ਅੰਨ੍ਹਾ ਜਬਰ ਕੀਤਾ ਹੈ ਅਤੇ ਔਰਤਾਂ ਸਮੇਤ ਅਨੇਕਾਂ ਕਿਸਾਨਾਂ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤ ਕਿਸਾਨ ਯੂਨੀਅਨ ਏਕਤਾ-ਡਕੌਂਦਾ ਇਸ ਦੀ ਸਖ਼ਤ ਨਿਖੇਧੀ ਕਰਦੀ ਹੈ ਅਤੇ ਇਸ ਘੋਲ ਨੂੰ ਜਿੱਤ ਤੱਕ ਲਿਜਾਣ ਲਈ ਵਚਨਵੱਧ ਹੈ। ਜਥੇਬੰਦੀ ਲੜ ਰਹੇ ਸੰਘਰਸ਼ਸ਼ੀਲ ਲੋਕਾਂ ਦੀ ਅਗਵਾਈ ਕਰਦਿਆਂ ਉਹਨਾਂ ਦੇ ਅੰਗ ਸੰਗ ਰਹੇਗੀ ਅਤੇ ਸ਼ਾਂਤਮਈ ਘੋਲ ਨੂੰ ਜਮਹੂਰੀ ਢੰਗ ਤਰੀਕਿਆਂ ਰਾਹੀਂ ਜਿੱਤ ਤੱਕ ਲਿਜਾ ਕੇ ਪੰਜਾਬ ਸਰਕਾਰ ਨੂੰ ਦੱਸ ਦੇਵੇਗੀ ਕਿ ‘ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ।’

ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਖਾੜਾ ਪਿੰਡ ਦੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਤੇ ਕੀਤੇ ਜਬਰ ਦੀ ਕੀਮਤ ਚੁਕਾਉਣੀ ਪਵੇਗੀ। ਸੂਬਾ ਕਮੇਟੀ ਨੇ ਮੰਗ ਕੀਤੀ ਹੈ ਕਿ ਬਾਇਓ ਗੈਸ ਫੈਕਟਰੀ ਪੱਕੇ ਤੌਰ ਤੇ ਬੰਦ ਕੀਤੀ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

 

Leave a Reply

Your email address will not be published. Required fields are marked *